ਕੈਨੇਡਾ ਦੌਰੇ ’ਤੇ ਆਏ ਹੋਏ ਪੋਪ ਫਰਾਂਸਿਸ ਨੇ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ’ਚ ਮੂਲ ਨਿਵਾਸੀਆਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ ’ਚ ਕੈਥੋਲਿਕ ਚਰਚ ਦੁਆਰਾ ਸਹਿਯੋਗ ਕੀਤੇ ਜਾਣ ਲਈ ਮੁਆਫ਼ੀ ਮੰਗੀ ਹੈ। ਪੋਪ ਨੇ ਕਿਹਾ ਕਿ ਇਸਾਈ ਭਾਈਚਾਰੇ ’ਚ ਮੂਲ ਨਿਵਾਸੀਆਂ ਨੂੰ ਜ਼ਬਰਦਸਤੀ ਸ਼ਾਮਲ ਕਰਨ ਨੇ ਉਨ੍ਹਾਂ ਦੀ ਸੰਸਕ੍ਰਿਤੀ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਹੋਣਾ ਪਿਆ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਸਾਰੇ ਅੱਤਿਆਚਾਰਾਂ ਲਈ ਮੁਆਫ਼ੀ ਮੰਗਦਾ ਹਾਂ, ਜੋ ਬਹੁਤ ਸਾਰੇ ਇਸਾਈਆਂ ਨੇ ਮੂਲ ਨਿਵਾਸੀਆਂ ’ਤੇ ਕੀਤੇ ਹਨ।’ ਜ਼ਿਕਰਯੋਗ ਹੈ ਕਿ ਪੋਪ ਫਰਾਂਸਿਸ ਨੇ ਰਿਹਾਇਸ਼ੀ ਸਕੂਲਾਂ ’ਚ ਮਿਸ਼ਨਰੀਆਂ ਨਾਲ ਹੋਏ ਦੁਰਵਿਵਹਾਰ ਲਈ ਸਥਾਨਕ ਭਾਈਚਾਰੇ ਤੋਂ ਮੁਆਫ਼ੀ ਮੰਗਣ ਲਈ ਐਤਵਾਰ ਨੂੰ ਕੈਨੇਡਾ ਦਾ ਇਤਿਹਾਸਕ ਦੌਰਾ ਕੀਤਾ। ਇਸ ਨੂੰ ਕੈਥੋਲਿਕ ਚਰਚ ਦੇ ਨੇਟਿਵ ਕਮਿਊਨਿਟੀਆਂ ਨਾਲ ਮੇਲ-ਮਿਲਾਪ ਕਰਨ ਅਤੇ ਉਨ੍ਹਾਂ ਨੂੰ ਸਮੇਂ ਦੇ ਸਦਮੇ ਤੋਂ ਉਭਰਨ ’ਚ ਮਦਦ ਕਰਨ ਦੇ ਯਤਨਾਂ ’ਚ ਇਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾਂਦਾ ਹੈ। ਕੈਨੇਡੀਅਨ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ 19ਵੀਂ ਸਦੀ ਤੋਂ 1970 ਦੇ ਦਹਾਕੇ ਤੱਕ ਸਰਕਾਰੀ ਫੰਡ ਪ੍ਰਾਪਤ ਇਸਾਈ ਸਕੂਲਾਂ ’ਚ ਸਰੀਰਕ ਅਤੇ ਜਿਣਸੀ ਸ਼ੋਸ਼ਣ ਵੱਡੇ ਪੈਮਾਨੇ ’ਤੇ ਕੀਤਾ ਗਿਆ ਸੀ। ਲਗਭਗ 1,50,000 ਮੂਲ ਨਿਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ ਲਿਜਾਇਆ ਗਿਆ ਤੇ ਉਨ੍ਹਾਂ ਦੇ ਘਰਾਂ, ਮੂਲ ਭਾਸ਼ਾਵਾਂ ਅਤੇ ਸੱਭਿਆਚਾਰਾਂ ਤੋਂ ਦੂਰ ਕਰਨ ਅਤੇ ਉਨ੍ਹਾਂ ਨੂੰ ਕੈਨੇਡਾ ਦੇ ਇਸਾਈ ਭਾਈਚਾਰੇ ’ਚ ਵਸਣ ਲਈ ਮਜਬੂਰ ਕੀਤਾ ਗਿਆ। ਅਰਮਿਨਸਕਿਨ ਇੰਡੀਅਨ ਰਿਹਾਇਸ਼ੀ ਸਕੂਲ ਨੇਡ਼ੇ ਹੋਏ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਇਸਾਈਆਂ ਵੱਲੋਂ ਆਦਿਵਾਸੀ ਲੋਕਾਂ ਖ਼ਿਲਾਫ਼ ਕੀਤੇ ਗਏ ਜ਼ੁਲਮਾਂ ਲਈ ਉਹ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨਾਲ ਕੀਤੇ ਗਏ ਵਿਹਾਰ ਕਾਰਨ ਉਨ੍ਹਾਂ ਦੇ ਸੱਭਿਆਚਾਰ ਨੂੰ ਢਾਹ ਲੱਗੀ ਅਤੇ ਪਰਿਵਾਰ ਤਬਾਹ ਹੋ ਗਏ ਜਿਸ ਦਾ ਅਸਰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।