ਰੂਸ ਵੱਲੋਂ ਯੂਕਰੇਨ ਦੇ ਸ਼ਹਿਰ ਓਡੇਸਾ ਨੇਡ਼ਲੇ ਇਲਾਕੇ ’ਚ ਰਿਹਾਇਸ਼ੀ ਇਮਾਰਤਾਂ ’ਤੇ ਕੀਤੇ ਗਏ ਮਿਜ਼ਾਈਲ ਹਮਲੇ ’ਚ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਮਲਾ ਰੂਸ ਦੀਆਂ ਫੌਜਾਂ ਦੇ ਕਾਲਾ ਸਾਗਰ ਟਾਪੂ ਤੋਂ ਹਟਣ ਮਗਰੋਂ ਕੀਤਾ ਗਿਆ ਹੈ। ਹਮਲੇ ਦੀ ਵੀਡੀਓ ’ਚ ਓਡੇਸਾ ਦੇ ਦੱਖਣ-ਪੱਛਣ ’ਚ ਕਰੀਬ 50 ਕਿਲੋਮੀਟਰ ਦੂਰ ਸਥਿਤ ਛੋਟੇ ਜਿਹੇ ਸ਼ਹਿਰ ਸੇਰਬਿਵਕਾ ’ਚ ਇਮਾਰਤਾਂ ਦਾ ਮਲਬਾ ਦੇਖਿਆ ਗਿਆ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਅਨੁਸਾਰ ਰੂਸ ਵੱਲੋਂ ਦਾਗੀਆਂ ਗਈਆਂ ਤਿੰਨ ਐਕਸ-22 ਮਿਜ਼ਾਈਲਾਂ ਇਕ ਇਮਾਰਤ ਅਤੇ ਦੋ ਕੈਂਪਾਂ ’ਤੇ ਡਿੱਗੀਆਂ। ਰਾਸ਼ਟਰਪਤੀ ਜ਼ੇਲੈਂਸਕੀ ਦੇ ਚੀਫ ਆਫ ਸਟਾਫ ਆਂਦਰੇ ਯਰਮਾਕ ਨੇ ਕਿਹਾ, ‘ਇਕ ਅੱਤਵਾਦੀ ਦੇਸ਼ ਸਾਡੇ ਲੋਕਾਂ ਦੀ ਹੱਤਿਆ ਕਰ ਰਿਹਾ ਹੈ। ਜੰਗ ਦੇ ਮੈਦਾਨ ’ਚ ਹਾਰ ਦੇ ਜਵਾਬ ’ਚ ਉਹ ਨਾਗਰਿਕਾਂ ਨਾਲ ਲਡ਼ ਰਹੇ ਹਨ।’ ਅਧਿਕਾਰੀਆਂ ਨੇ ਦੱਸਿਆ ਕਿ ਦੋ ਬੱਚਿਆਂ ਸਮੇਤ 19 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਛੇ ਬੱਚੇ ਅਤੇ ਇਕ ਗਰਭਵਰਤੀ ਔਰਤ ਸਮੇਤ 38 ਹੋਰ ਵਿਅਕਤੀ ਹਸਪਤਾਲ ਦਾਖਲ ਹਨ। ਜ਼ਿਆਦਾਤਰ ਪੀਡ਼ਤ ਰਿਹਾਇਸ਼ੀ ਇਮਾਰਤ ’ਚ ਸਨ। ਲੁਹਾਂਸਕ ਦੇ ਗਵਰਨਰ ਸੇਰਹੀ ਹੈਦਈ ਨੇ ਕਿਹਾ ਕਿ ਰੂਸ ਲਿਸਿਚਾਂਸਕ ਸ਼ਹਿਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸ਼ਹਿਰ ਦੀ ਇਕ ਪੁਰਾਣੀ ਤੇਲ ਰਿਫਾਈਨਰੀ ’ਤੇ ਕਬਜ਼ਾ ਕਰਨ ਲਈ ਲਡ਼ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਭਿਆਨਕ ਬੰਬਾਰੀ ਹੋ ਰਹੀ ਹੈ। ਹਾਲਾਂਕਿ ਰੂਸ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸ ਅਤੇ ਲੁਹਾਂਸਕ ਵੱਖਵਾਦੀ ਬਲਾਂ ਨੇ ਰਿਫਾਈਨਰੀ ਸਮੇਤ ਦੋ ਹੋਰ ਥਾਵਾਂ ’ਤੇ ਪਿਛਲੇ ਤਿੰਨ ਦਿਨਾਂ ਤੋਂ ਕਬਜ਼ਾ ਕਰ ਲਿਆ ਹੈ।