ਰੂਸ ਨੂੰ ਕ੍ਰੀਮੀਆ ਪ੍ਰਾਇਦੀਪ ਨਾਲ ਜੋੜਨ ਵਾਲੇ ਪੁਲ ਨੂੰ ਭਿਆਨਕ ਵਿਸਫੋਟ ਹੋਣ ਤੋਂ ਬਾਅਦ ਅੱਗ ਲੱਗ ਗਈ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਪੁਲ ਅੰਸ਼ਿਕ ਤੌਰ ‘ਤੇ ਢਹਿ ਗਿਆ। ਕ੍ਰੀਮੀਆ ਰਾਹੀਂ ਹੀ ਰੂਸ ਯੂਕਰੇਨ ਦੇ ਦੱਖਣੀ ਹਿੱਸੇ ‘ਚ ਜੰਗੀ ਸਾਜ਼ੋ-ਸਾਮਾਨ ਭੇਜਦਾ ਹੈ। ਕ੍ਰੀਮੀਆ ਪ੍ਰਾਇਦੀਪ ਦੀ ਰੂਸ ਸਮਰਥਿਤ ਖੇਤਰੀ ਸੰਸਦ ਦੇ ਪ੍ਰਧਾਨ ਨੇ ਇਸ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਹਾਲਾਂਕਿ ਰੂਸ ਨੇ ਇਸ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਯੂਕਰੇਨ ਦੇ ਅਧਿਕਾਰੀ ਸਮੇਂ-ਸਮੇਂ ‘ਤੇ ਇਸ ਪੁਲ ‘ਤੇ ਹਮਲਾ ਕਰਨ ਦੀ ਧਮਕੀ ਦਿੰਦੇ ਰਹੇ ਹਨ ਅਤੇ ਕਈਆਂ ਨੇ ਇਸ ਹਮਲੇ ਦੀ ਸ਼ਲਾਘਾ ਵੀ ਕੀਤੀ ਹੈ ਪਰ ਯੂਕਰੇਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਰੂਸ ਦੀ ਰਾਸ਼ਟਰੀ ਅੱਤਵਾਦ ਵਿਰੋਧੀ ਕਮੇਟੀ ਨੇ ਦੱਸਿਆ ਕਿ ਟਰੱਕ ‘ਚ ਰੱਖਿਆ ਬੰਬ ਫਟਣ ਨਾਲ ਈਂਧਨ ਲਿਜਾ ਰਹੀ ਰੇਲ ਗੱਡੀ ਦੀਆਂ 7 ਬੋਗੀਆਂ ਨੂੰ ਅੱਗ ਲੱਗ ਗਈ, ਜਿਸ ਦੇ ਨਤੀਜੇ ਵਜੋਂ ‘ਪੁਲ ਦੇ 2 ਹਿੱਸੇ ਅੰਸ਼ਿਕ ਤੌਰ ‘ਤੇ ਢਹਿ ਗਏ।’ ਇਹ 19 ਕਿਲੋਮੀਟਰ ਪੁਲ ਕਾਲੇ ਸਾਗਰ ਅਤੇ ਅਜ਼ੋਵ ਸਾਗਰ ਨੂੰ ਜੋੜਨ ਵਾਲੇ ਕੇਰਚ ਸਟ੍ਰੇਟ ਦੇ ਪਾਰ ਸਾਲ 2018 ‘ਚ ਖੋਲ੍ਹਿਆ ਗਿਆ ਸੀ। ਇਹ ਯੂਰਪ ਦਾ ਸਭ ਤੋਂ ਲੰਬਾ ਪੁਲ ਸੀ। ਇਸ ਨੂੰ ਬਣਾਉਣ ਲਈ 3.6 ਬਿਲੀਅਨ ਡਾਲਰ ਦੀ ਲਾਗਤ ਆਈ। ਰੂਸ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਿਆਂ 2014 ‘ਚ ਯੂਕਰੇਨ ਤੋਂ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਫਿਰ ਇਸ ਪੁਲ ਦਾ ਨਿਰਮਾਣ ਕਰਵਾਇਆ ਸੀ। ਕ੍ਰੀਮੀਆ ਪ੍ਰਾਇਦੀਪ ਰੂਸ ਲਈ ਪ੍ਰਤੀਕਾਤਮਕ ਮਹੱਤਵ ਰੱਖਦਾ ਹੈ ਅਤੇ ਦੱਖਣ ‘ਚ ਇਸ ਦੀਆਂ ਫੌਜੀ ਕਾਰਵਾਈਆਂ ਲਈ ਮਹੱਤਵਪੂਰਨ ਹੈ। ਜੇ ਪੁਲ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਕ੍ਰੀਮੀਆ ਤੱਕ ਮਾਲ ਲਿਜਾਣਾ ਹੋਰ ਮੁਸ਼ਕਿਲ ਹੋ ਜਾਵੇਗਾ। ਰੂਸ ਦੇ ਊਰਜਾ ਮੰਤਰਾਲੇ ਨੇ ਕਿਹਾ ਕਿ ਕ੍ਰੀਮੀਆ ਕੋਲ 15 ਦਿਨਾਂ ਲਈ ਬਾਲਣ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਸਟਾਕ ਨੂੰ ਫਿਰ ਤੋਂ ਭਰਨ ਦੇ ਤਰੀਕਿਆਂ ‘ਤੇ ਕੰਮ ਕਰ ਰਿਹਾ ਹੈ। ਅਧਿਕਾਰੀਆਂ ਵੱਲੋਂ ਅਗਲੇ ਨੋਟਿਸ ਤੱਕ ਪੁਲ ‘ਤੇ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।