ਇਕ ਲੜਾਕੂ ਜਹਾਜ਼ ‘ਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ ਕਿਉਂਕਿ ਰੂਸ ਦਾ ਇਹ ਜਹਾਜ਼ ਸਾਈਬੇਰੀਅਨ ਖੇਤਰ ਦੇ ਇਰਕੁਤਸਕ ‘ਚ ਰਿਹਾਇਸ਼ੀ ਇਮਾਰਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਇਕ ਹਫ਼ਤੇ ਅੰਦਰ ਇਹ ਦੂਜੀ ਘਟਨਾ ਹੈ ਜਦੋਂ ਇਸ ਖੇਤਰ ‘ਚ ਇਕ ਰਿਹਾਇਸ਼ੀ ਖੇਤਰ ‘ਚ ਕੋਈ ਲੜਾਕੂ ਜਹਾਜ਼ ਕ੍ਰੈਸ਼ ਹੋਇਆ ਹੈ। ਇਰਕੁਤਸਕ ਦੇ ਗਵਰਨਰ ਇਗੋਰ ਕੋਬਜੇਵ ਨੇ ਕਿਹਾ ਕਿ ਜਹਾਜ਼ ਦੋ ਮੰਜ਼ਿਲਾ ਇਕ ਨਿਜੀ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਿਆ ਜਿਸ ‘ਚ ਦੋ ਪਰਿਵਾਰ ਰਹਿੰਦੇ ਹਨ। ਇਸ ਹਾਦਸੇ ਕਾਰਨ ਇਮਾਰਤ ‘ਚ ਰਹਿਣ ਵਾਲੇ ਕਿਸੇ ਵਿਅਕਤੀ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਆਰਜ਼ੀ ਰਿਹਾਇਸ਼ ਅਤੇ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਜਾਵੇਗੀ। ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਸਬੰਧੀ ਅਧਿਕਾਰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਕੁਝ ਦਿਨ ਪਹਿਲਾਂ 17 ਅਕਤੂਬਰ ਨੂੰ ਰੂਸ ਦਾ ਇਕ ਲੜਾਕੂ ਜਹਾਜ਼ ਯੇਸਕ ‘ਚ ਇਕ ਰਿਹਾਇਸ਼ੀ ਇਮਾਰਤ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ ਜਿਸ ‘ਚ 15 ਲੋਕਾਂ ਦੀ ਮੌਤ ਹੋ ਗਈ ਸੀ ਅਤੇ 19 ਹੋਰ ਲੋਗ ਜ਼ਖ਼ਮੀ ਹੋ ਗਏ ਸਨ। ਇਹ ਜਹਾਜ਼ ਦੁਰਘਟਨਾਵਾਂ ਯੂਕਰੇਨ ‘ਚ ਚੱਲ ਰਹੀ ਲੜਾਈ ਦੇ ਨਤੀਜੇ ਵਜੋਂ ਰੂਸੀ ਹਵਾਈ ਫ਼ੌਜ ਉਤੇ ਦਬਾਅ ਨੂੰ ਦਰਸਾਉਂਦੀਆਂ ਹਨ। ਰੂਸੀ ਜਹਾਜ਼ ਬਣਾਉਣ ਵਾਲੇ ਪਲਾਂਟਾਂ ਦੇ ਇਕ ਸਰਕਾਰ ਕੰਟਰੋਲਡ ਸਮੂਹ ਯੂਨਾਈਟਿਡ ਏਅਰਕ੍ਰਾਫਟ ਕਾਰਪੋਰੇਸ਼ਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਕ ਸੁਖੋਈ-30 ਲੜਾਕੂ ਜਹਾਜ਼ ਇਕ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਅੱਗ ਲੱਗ ਗਈ। ਇਸ ਦੌਰਾਨ ਜਹਾਜ਼ ‘ਚ ਕੋਈ ਹਥਿਆਰ ਨਹੀਂ ਸੀ। ਹਾਦਸੇ ਦੀ ਇਕ ਵੀਡੀਓ ‘ਚ ਅੱਗ ਦੀਆਂ ਲਪੇਟਾਂ ਨਾਲ ਘਿਰੀ ਇਮਾਰਤ ਅਤੇ ਅੱਗ ਬੁਝਾਉਣ ਲਈ ਤਾਇਨਾਤ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦੇਖਿਆ ਜਾ ਸਕਦਾ ਹੈ। 60 ਲੱਖ ਤੋਂ ਵੱਧ ਦੀ ਆਬਾਦੀ ਵਾਲਾ ਇਰਕੁਤਸਕ ਸ਼ਹਿਰ, ਰੂਸ ਦਾ ਇਕ ਪ੍ਰਮੁੱਖ ਉਦਯੋਗਿਕ ਕੇਂਦਰ ਹੈ, ਜਿੱਥੇ ਸੁਖੋਈ-30 ਲੜਾਕੂ ਜਹਾਜ਼ਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਸੁਖੋਈ-30 ਇਕ ਦੋ-ਇੰਜਣ ਵਾਲਾ ਸੁਪਰਸੋਨਿਕ ਲੜਾਕੂ ਜਹਾਜ਼ ਹੈ, ਜੋ ਰੂਸੀ ਹਵਾਈ ਫ਼ੌਜ ਵੱਲੋਂ ਵਰਤਿਆ ਜਾਂਦਾ ਹੈ। ਇਹ ਜਹਾਜ਼ ਇੰਡੀਆ ਤੇ ਚੀਨ ਸਮੇਤ ਕਈ ਹੋਰ ਦੇਸ਼ਾਂ ਦੀ ਹਵਾਈ ਫ਼ੌਜ ‘ਚ ਵੀ ਸ਼ਾਮਲ ਹਨ।