ਭਾਰਤੀ ਮੂਲ ਦੇ ਰਿਸ਼ੀ ਮੂਨਕ ਨੇ ਬ੍ਰਿਟੇਨ ‘ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਬਨਿਟ ‘ਚ ਅਹਿਮ ਨਿਯੁਕਤੀਆਂ ਦੇ ਨਾਲ ਆਪਣੀ ਚੋਟੀ ਦੀ ਟੀਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਸੂਨਕ ਨੇ ਜੇਰੇਮੀ ਹੰਟ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਨੂੰ ਹਾਲ ਹੀ ‘ਚ ਪਿਛਲੀ ਲਿਜ਼ ਟਰੱਸ ਦੀ ਅਗਵਾਈ ਵਾਲੀ ਸਰਕਾਰ ‘ਚ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਸੀ ਤਾਂ ਜੋ ਦੇਸ਼ ‘ਚ ਆਰਥਿਕ ਸਥਿਰਤਾ ਬਣਾਈ ਰੱਖੀ ਜਾ ਸਕੇ। ਨਾਲ ਹੀ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਸੁਏਲਾ ਬ੍ਰੇਵਰਮੈਨ ਉਸ ਸਮੇਂ ਦੀ ਲਿਜ਼ ਟਰੱਸ ਸਰਕਾਰ ‘ਚ ਗ੍ਰਹਿ ਮੰਤਰੀ ਵੀ ਸੀ। ਉਨ੍ਹਾਂ ਨੇ ਲਿਜ਼ ਟਰੱਸ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਕਾਜ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਸੂਨਕ ਪ੍ਰਤੀ ਵਫ਼ਾਦਾਰ ਨਾ ਹੋਣ ਦੇ ਬਾਵਜੂਦ ਜੇਮਸ ਕਲੀਵਰਲੇ ਵੀ ਆਪਣੇ ਅਹੁਦੇ ‘ਤੇ ਬਣੇ ਰਹਿਣਗੇ। ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਇਸ ਮਹੀਨੇ ਦੇ ਸ਼ੁਰੂ ‘ਚ ਜੇਰੇਮੀ ਹੰਟ ਨੂੰ ਦੇਸ਼ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਸੀ। ਹੰਟ ਨੇ ਟਰੱਸ ਵੱਲੋਂ ਟੈਕਸ ਕਟੌਤੀਆਂ ਨਾਲ ਸਬੰਧਤ ਮਿੰਨੀ-ਬਜਟ ਨੂੰ ਵਾਪਸ ਲੈ ਲਿਆ ਸੀ। ਉਹ ਸੂਨਕ ਦੇ ਸਹਿਯੋਗੀ ਰਹੇ ਹਨ ਅਤੇ ਅਜਿਹੀ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਅਹੁਦੇ ‘ਤੇ ਬਣੇ ਰਹਿਣਗੇ। ਵਿੱਤ ਮੰਤਰੀ ਬਣੇ ਰਹਿਣ ਤੋਂ ਬਾਅਦ ਜੇਰੇਮੀ ਹੰਟ ਨੇ ਟਵੀਟ ਕੀਤਾ, ‘ਇਹ ਮੁਸ਼ਕਿਲ ਹੋਣ ਜਾ ਰਿਹਾ ਹੈ ਪਰ ਕਮਜ਼ੋਰ ਵਰਗ ਦੇ ਲੋਕਾਂ ਤੋਂ ਇਲਾਵਾ ਲੋਕਾਂ ਦੀਆਂ ਨੌਕਰੀਆਂ ਦੀ ਰੱਖਿਆ ਕਰਨਾ ਸਾਡੀ ਤਰਜੀਹ ਹੋਵੇਗੀ ਕਿਉਂਕਿ ਅਸੀਂ ਸਥਿਰਤਾ, ਆਤਮ-ਵਿਸ਼ਵਾਸ ਅਤੇ ਲੰਬੇ ਸਮੇਂ ਦੇ ਵਿਕਾਸ ਨੂੰ ਬਹਾਲ ਕਰਨ ਲਈ ਕੰਮ ਕਰਾਂਗੇ।’ ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਕਾਰਜਕਾਲ ਦੌਰਾਨ ਉਪ ਪ੍ਰਧਾਨ ਮੰਤਰੀ ਅਤੇ ਕਾਨੂੰਨ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਡੋਮਿਨਿਕ ਰਾਬ ਨੂੰ ਸੂਨਕ ਨੇ ਦੋਵਾਂ ਅਹੁਦਿਆਂ ‘ਤੇ ਨਿਯੁਕਤ ਕੀਤਾ ਹੈ। ਬੇਨ ਵਾਲੇਸ ਨੂੰ ਰੱਖਿਆ ਮੰਤਰੀ ਦੇ ਅਹੁਦੇ ‘ਤੇ ਬਰਕਰਾਰ ਰੱਖਿਆ ਗਿਆ ਹੈ, ਜਦਕਿ ਨਦੀਮ ਜਹਾਵੀ ਨੂੰ ਟੋਰੀ ਪਾਰਟੀ ਦਾ ਪ੍ਰਧਾਨ ਅਤੇ ਬਿਨਾਂ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਗ੍ਰਹਿ ਮੰਤਰਾਲਾ ‘ਚ ਬ੍ਰੇਵਰਮੈਨ ਦੇ ਉੱਤਰਾਧਿਕਾਰੀ ਗ੍ਰਾਂਟ ਸ਼ਾਪਸ ਨੂੰ ਹੁਣ ਨਵਾਂ ਵਪਾਰ ਮੰਤਰੀ ਬਣਾਇਆ ਗਿਆ ਹੈ। ਇਸ ਦੌਰਾਨ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਲਿਜ਼ ਟਰੱਸ ਅਤੇ ਬੋਰਿਸ ਜਾਨਸਨ ਧੜੇ ਦੇ ਕਈ ਲੋਕਾਂ ਨੇ ਸੂਨਕ ਦੇ 10 ਡਾਊਨਿੰਗ ਸਟ੍ਰੀਟ ਵਿਖੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਅਸਤੀਫ਼ਾ ਦੇ ਦਿੱਤਾ।