ਭਾਰਤੀ ਮੂਲ ਦੇ ਪਹਿਲੇ ਗੈਰ-ਗੋਰੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਕਰ ਲਏ ਹਨ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਵਧਦੀ ਮਹਿੰਗਾਈ ਸਮੇਤ ਕਈ ਹੋਰ ਚੁਣੌਤੀਆਂ ਦਰਮਿਆਨ ਉਨ੍ਹਾਂ ਨੂੰ ਤਬਦੀਲੀ ਲਿਆਉਣ ਦਾ ਸੰਕਲਪ ਲੈਂਦੇ ਹੋਏ ਦਿਖਾਇਆ ਗਿਆ ਹੈ। ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਬਾਅਦ 25 ਅਕਤੂਬਰ ਨੂੰ 10 ਡਾਊਨਿੰਗ ਸਟ੍ਰੀਟ ਦਾ ਕਾਰਜਭਾਰ ਸੰਭਾਲਿਆ ਸੀ। ਸਾਬਕਾ ਪ੍ਰਧਾਨ ਮੰਤਰੀਆਂ ਦੀ ਗੈਰ-ਰਸਮੀ ਵਿਦਾਈ ਤੋਂ ਬਾਅਦ ਉਪਜੀ ਗੰਭੀਰ ਸਿਆਸੀ ਉਥਲ-ਪੁਥਲ ਦਰਮਿਆਨ ਸੁਨਕ ਨੇ ਅਹੁਦਾ ਗ੍ਰਹਿਣ ਕੀਤਾ ਸੀ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ, ‘ਹੋਰ ਲੋਕ ਵੀ ਬਦਲਾਅ ਦੀ ਗੱਲ ਕਰ ਸਕਦੇ ਹਨ, ਪਰ ਮੈਂ ਇਹ ਬਦਲਾਅ ਲਿਆਵਾਂਗਾ।’ ਇਸ ਦੇ ਨਾਲ ਦਿੱਤੀ ਗਈ ਵੀਡੀਓ ‘ਚ ਉੱਚ ਅਹੁਦੇ ਲਈ ਉਨ੍ਹਾਂ ਦੀ ਇਤਿਹਾਸਕ ਚੋਣ ਨਾਲ ਜੁੜਿਆ ਇਕ ‘ਮੋਂਟਾਜ’ ਦਿਖਾਇਆ ਗਿਆ ਹੈ ਅਤੇ ਲਿਖਿਆ ਹੈ, ‘ਆਧੁਨਿਕ ਇਤਿਹਾਸ ‘ਚ ਸਭ ਤੋਂ ਨੌਜਵਾਨ, ਉਮਰ 42 ਸਾਲ, ਨੰਬਰ-10 ਡਾਊਨਿੰਗ ਸਟ੍ਰੀਟ ‘ਚ ਪਹਿਲੇ ਗੈਰ-ਗੋਰੇ ਰਾਜਨੇਤਾ।’ ਵੀਡੀਓ ‘ਚ ਉਨ੍ਹਾਂ ਦੇ ਨਵੇਂ ਸਾਲ ਦੇ ਵਾਅਦਿਆਂ ਦੇ ਪੰਜ ਮੁੱਖ ਬਿੰਦੂਆਂ ਨੂੰ ਵੀ ਦਿਖਾਇਆ ਗਿਆ ਹੈ ਜਿਸ ‘ਚ ਮਹਿੰਗਾਈ ਨੂੰ ਅੱਧਾ ਕਰਨਾ, ਆਰਥਿਕਤਾ ਨੂੰ ਵਧਾਉਣਾ, ਕਰਜ਼ਾ ਘਟਾਉਣਾ, ਰਾਸ਼ਟਰੀ ਸਿਹਤ ਸੇਵਾ ਦੀ ਉਡੀਕ ਸੂਚੀ ਨੂੰ ਛੋਟਾ ਕਰਨਾ ਅਤੇ ਛੋਟੀਆਂ ਕਿਸ਼ਤੀਆਂ ਜ਼ਰੀਏ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਉਣ ਤੋਂ ਰੋਕਣਾ ਹੈ।