ਪਾਰਕ ‘ਚ ਕੁੱਤੇ ਨਾਲ ਬਿਨਾਂ ਰੱਸੀ ਜਾਂ ਚੇਨ ਤੋਂ ਸੈਰ ਕਰ ਰਹੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਪੁਲੀਸ ਨੇ ਨਿਯਮ ਯਾਦ ਕਰਵਾਏ ਅਤੇ ਹੁਣ ਇਸ ਦੀ ਦੁਨੀਆਂ ਭਰ ‘ਚ ਚਰਚਾ ਹੋ ਰਹੀ ਹੈ। ਅਸਲ ‘ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਆਪਣੀ ਪਤਨੀ ਅਕਸ਼ਾ ਮੂਰਤੀ ਨਾਲ ਹਾਈਡ ਪਾਰਕ ‘ਚ ਸੈਰ ਲਈ ਪੁੱਜੇ ਤਾਂ ਉਨ੍ਹਾਂ ਨਾਲ ਉਨ੍ਹਾਂ ਦਾ ਕੁੱਤਾ ਵੀ ਸੀ ਜੋ ਚੇਨ ਜਾਂ ਰੱਸੀ ਦੇ ਸੀ। ਇਸ ‘ਤੇ ਪੁਲੀਸ ਨੇ ਪ੍ਰਧਾਨ ਮੰਤਰੀ ‘ਖਿਚਾਈ’ ਕਰਦਿਆਂ ਉਨ੍ਹਾਂ ਨੂੰ ਨਿਯਮ ਯਾਦ ਕਰਵਾਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਿਕਟਾਕ ‘ਤੇ ਸ਼ੇਅਰ ਕੀਤੀ ਗਈ ਵੀਡੀਓ ਕਲਿੱਪ ‘ਚ ਸੂਨਕ ਆਪਣੇ ਦੋ ਸਾਲ ਦੇ ਲੈਬਰਾਡੋਰ ਰੀਟ੍ਰੀਵਰ ਨਸਲ ਦੇ ਕੁੱਤੇ ਨੋਵਾ ਨਾਲ ਦਿ ਸਰਪੈਂਟਾਈਨ ਝੀਲ ਦੇ ਕੰਢੇ ਘੁੰਮਦੇ ਦਿਖਾਈ ਦੇ ਰਹੇ ਹਨ। ਇਸ ਖੇਤਰ ‘ਚ ਸਪੱਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਸਥਾਨਕ ਜੰਗਲੀ ਜੀਵਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਕੁੱਤਿਆਂ ਨੂੰ ‘ਚੇਨ’ ਨਾਲ ਬੰਨ੍ਹ ਕੇ ਰੱਖਿਆ ਜਾਵੇ। ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੁਨਕ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੇਂਦਰੀ ਲੰਡਨ ਦੇ ਹਾਈਡ ਪਾਰਕ ‘ਚ ਸੈਰ ਕਰਦੇ ਸਮੇਂ ਨਿਯਮਾਂ ਦੀ ਉਲੰਘਣਾ ਕਰਨ ਦਾ ਇਕ ਵੀਡੀਓ ਵੀ ਬਣਾਇਆ ਗਿਆ ਹੈ। ਮੈਟਰੋਪਾਲਿਟਨ ਪੁਲੀਸ ਫੋਰਸ ਨੇ ਸੂਨਕ ਦੀ ਪਤਨੀ ਅਕਸ਼ਾ ਦੇ ਹਵਾਲੇ ਨਾਲ ਕਿਹਾ, ‘ਉਸ ਸਮੇਂ ਮੌਜੂਦ ਇਕ ਅਧਿਕਾਰੀ ਨੇ ਇਕ ਔਰਤ ਨਾਲ ਗੱਲ ਕੀਤੀ ਅਤੇ ਉਸ ਨੂੰ ਨਿਯਮਾਂ ਦੀ ਯਾਦ ਦਿਵਾਈ।’ ਪੁਲੀਸ ਨੇ ਦੱਸਿਆ ਕਿ ਇਸ ਤੋਂ ਬਾਅਦ ਕੁੱਤੇ ਨੂੰ ਬੰਨ੍ਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ‘ਚ ਅੱਗੇ ਕੋਈ ਕਾਰਵਾਈ ਨਹੀਂ ਕਰਨਗੇ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਵੀਡੀਓ ਕਦੋਂ ਬਣਾਈ ਗਈ ਸੀ। ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਇਹ ਪੁੱਛੇ ਜਾਣ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਸੂਨਕ ਮੁਆਫੀ ਮੰਗਣਗੇ। ਪ੍ਰਧਾਨ ਮੰਤਰੀ ਨਾਲ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਿਸ ਨੇ ਉਨ੍ਹਾਂ ਨੂੰ ਮੁਸੀਬਤ ‘ਚ ਪਾ ਦਿੱਤਾ ਹੈ। ਕਰੀਬ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਚੱਲਦੀ ਕਾਰ ‘ਚ ਸੀਟ ਬੈਲਟ ਨਾ ਬੰਨ੍ਹਣ ਕਾਰਨ ਪੁਲੀਸ ਨੇ ਜੁਰਮਾਨਾ ਲਾਇਆ ਸੀ।