ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਬੋਰਿਸ ਜਾਨਸਨ ਦੀ ਜਗ੍ਹਾ ਲੈਣ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਬਣਨ ਲਈ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਆਪਣੀ ਮਜ਼ਬੂਤ ਪਕਡ਼ ਬਣਾ ਲਈ ਹੈ। ਦੂਜੇ ਪਡ਼ਾਅ ਦੀ ਵੋਟਿੰਗ ’ਚ ਉਹ 101 ਵੋਟਾਂ ਨਾਲ ਮੁਡ਼ ਜੇਤੂ ਰਹੇ। ਟੋਰੀ ਪਾਰਟੀ ਦੀ ਲੀਡਰਸ਼ਿਪ ਲਈ ਇਸ ਮੁਕਾਬਲੇ ’ਚ ਹੁਣ ਸਿਰਫ਼ 5 ਉਮੀਦਵਾਰ ਹੀ ਬਚੇ ਹਨ। ਭਾਰਤੀ ਮੂਲ ਦੀ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਸਭ ਤੋਂ ਘੱਟ 27 ਵੋਟਾਂ ਪ੍ਰਾਪਤ ਹੋਣ ਦੇ ਨਾਲ ਹੀ ਇਸ ਦੌਡ਼ ਤੋਂ ਬਾਹਰ ਹੋ ਗਈ ਹੈ। ਸੰਸਦ ਮੈਂਬਰਾਂ ਵੱਲੋਂ ਦੂਜੇ ਪਡ਼ਾਅ ਦੀ ਵੋਟਿੰਗ ਦੇ ਬਾਅਦ ਅੱਗੇ ਵਧਦੇ ਇਸ ਮੁਕਾਬਲੇ ’ਚ ਸੁਨਕ ਦੇ ਇਲਾਵਾ ਵਪਾਰ ਮੰਤਰੀ ਪੇਨੀ ਮੋਰਡੁਐਂਟ (83 ਵੋਟਾਂ), ਵਿਦੇਸ਼ ਮੰਤਰੀ ਲਿਜ ਟਰਸ (64 ਵੋਟਾਂ), ਸਾਬਕਾ ਮੰਤਰੀ ਕੇਮੀ ਬਾਡੇਨੋਕ (49 ਵੋਟਾਂ) ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਟੌਮ ਟੁਗੇਨਡੈਟ (32 ਵੋਟਾਂ) ਬਚੇ ਹਨ। ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵਿਚਾਲੇ ਵੋਟਿੰਗ ਦੇ ਅਗਲੇ 5 ਪਡ਼ਾਅ ਪੂਰੇ ਹੋਣ ਦੇ ਨਾਲ ਹੀ ਆਗਾਮੀ ਵੀਰਵਾਰ ਤੱਕ ਸਿਰਫ਼ ਦੋ ਨੇਤਾ ਇਸ ਦੌਡ਼ ’ਚ ਰਹਿ ਜਾਣਗੇ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆ ਹੋਈਆਂ ਹਨ ਕਿ ਬ੍ਰੇਵਰਮੈਨ ਅਤੇ ਉਨ੍ਹਾਂ ਦੇ ਸਮਰਥਕ ਕਿਸ ਦੇ ਪੱਖ ਵਿਚ ਜਾਣਗੇ ਅਤੇ ਉਨ੍ਹਾਂ ਨੂੰ ਮਿਲੀਆਂ 27 ਵੋਟਾਂ 5 ਉਮੀਦਵਾਰਾਂ ਵਿਚੋਂ ਕਿਸ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ। ਸੁਨਕ (42) ਨੇ ਪਹਿਲਾਂ ਇਕ ਇੰਟਰਵਿਊ ’ਚ ਕਿਹਾ ਸੀ, ‘ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਕੀਰ ਸਟਾਰਮਰ (ਵਿਰੋਧੀ ਲੇਬਰ ਪਾਰਟੀ ਦੇ ਨੇਤਾ) ਨੂੰ ਹਰਾਉਣ ਅਤੇ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਮੈਂ ਸਰਵਸ੍ਰੇਸ਼ਠ ਵਿਅਕਤੀ ਹਾਂ।’ ਬ੍ਰਿਟੇਨ ਦੇ ਬ੍ਰਿਟਿਸ਼ ਭਾਰਤੀ ਸਾਬਕਾ ਵਿੱਤ ਮੰਤਰੀ ਅਤੇ ਇਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਸੁਨਕ ਆਖ਼ਰੀ ਦੋ ਉਮੀਦਵਾਰਾਂ ’ਚ ਸ਼ਾਮਲ ਹੋ ਸਕਦੇ ਹਨ। ਜਾਨਸਨ ਦੇ ਉੱੱਤਰਾਧਿਕਾਰੀ ਦਾ ਨਾਮ 5 ਸਤੰਬਰ ਤੱਕ ਸਾਹਮਣੇ ਆ ਜਾਵੇਗਾ।