ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਬੁੱਧਵਾਰ ਨੂੰ ਫੌਜ ਦੇ ਇਕ ਜਹਾਜ਼ ਰਾਹੀਂ ਦੇਸ਼ ਛੱਡ ਕੇ ਮਾਲਦੀਵ ਪਹੁੰਚ ਗਏ ਹਨ। ਉਨ੍ਹਾਂ ਦੇ ਦੇਸ਼ ਛੱਡ ਕੇ ਭੱਜਣ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਸ੍ਰੀਲੰਕਾ ’ਚ ਐਮਰਜੰਸੀ ਲਾ ਦਿੱਤੀ। ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਪਾਉਣ ਕਾਰਨ ਰਾਜਪਕਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਵੱਧ ਰਹੇ ਜਨਤਕ ਰੋਸ਼ ਦੇ ਵਿਚਕਾਰ ਬੁੱਧਵਾਰ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਸ੍ਰੀਲੰਕਾ ਦੀ ਹਵਾਈ ਫ਼ੌਜ ਨੇ ਇਕ ਸੰਖੇਪ ਬਿਆਨ ’ਚ ਕਿਹਾ ਕਿ 73 ਸਾਲਾ ਆਗੂ ਆਪਣੀ ਪਤਨੀ ਅਤੇ ਦੋ ਸੁਰੱਖਿਆ ਅਧਿਕਾਰੀਆਂ ਨਾਲ ਫੌਜ ਦੇ ਇਕ ਜਹਾਜ਼ ’ਚ ਦੇਸ਼ ਛੱਡ ਕੇ ਚਲੇ ਗਏ ਹਨ। ਬਿਆਨ ’ਚ ਕਿਹਾ ਗਿਆ ਹੈ, ‘ਸਰਕਾਰ ਦੀ ਬੇਨਤੀ ’ਤੇ ਅਤੇ ਸੰਵਿਧਾਨ ਦੇ ਤਹਿਤ ਰਾਸ਼ਟਰਪਤੀ ਨੂੰ ਮਿਲੀਆਂ ਸ਼ਕਤੀਆਂ ਦੇ ਅਨੁਸਾਰ, ਰੱਖਿਆ ਮੰਤਰਾਲਾ ਦੀ ਪੂਰੀ ਮਨਜ਼ੂਰੀ ਨਾਲ, ਰਾਸ਼ਟਰਪਤੀ, ਉਨ੍ਹਾਂ ਦੀ ਪਤਨੀ ਅਤੇ ਦੋ ਸੁਰੱਖਿਆ ਅਧਿਕਾਰੀਆਂ ਨੂੰ 13 ਜੁਲਾਈ ਨੂੰ ਕਾਤੂਨਾਇਕੇ ਇੰਟਰਨੈਸ਼ਨਲ ਏਅਰ ਪੋਰਟ ਤੋਂ ਮਾਲਦੀਵ ਲਈ ਰਵਾਨਾ ਹੋਣ ਲਈ ਸ੍ਰੀਲੰਕਾਈ ਹਵਾਈ ਫੌਜ ਦਾ ਜਹਾਜ਼ ਮੁਹੱਈਆ ਕਰਵਾਇਆ ਗਿਆ।’ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਰਾਸ਼ਟਰਪਤੀ ਦੇ ਦੇਸ਼ ਛੱਡਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਪਕਸ਼ੇ ਨਵੀਂ ਸਰਕਾਰ ਵੱਲੋਂ ਗ੍ਰਿਫ਼ਤਾਰੀ ਦੀ ਸੰਭਾਵਨਾ ਤੋਂ ਬਚਣ ਲਈ ਅਸਤੀਫ਼ਾ ਦੇਣ ਤੋਂ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸਨ। ਇਕ ਖ਼ਬਰ ’ਚ ਕਿਹਾ ਗਿਆ ਹੈ ਕਿ ਉਹ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਕਰੀਬ ਤਿੰਨ ਵਜੇ ਮਾਲਦੀਵ ਦੀ ਰਾਜਧਾਨੀ ਮਾਲੇ ਪਹੁੰਚੇ।