ਇੰਡੀਆ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਸੰਸਦ ਮੈਂਬਰਾਂ ਅਤੇ ਸੂਬਾਈ ਅਸੈਂਬਲੀਆਂ ਦੇ ਵਿਧਾਇਕਾਂ ਨੇ ਦੇਸ਼ ਦਾ 15ਵਾਂ ਰਾਸ਼ਟਰਪਤੀ ਚੁਣਨ ਲਈ ਵੋਟਾਂ ਪਾਈਆਂ। ਰਿਟਰਨਿੰਗ ਅਧਿਕਾਰੀ ਪੀ.ਸੀ. ਮੋਦੀ ਨੇ ਕਿਹਾ ਕਿ ਸੰਸਦ ’ਚ 98.90 ਫੀਸਦ ਪੋਲਿੰਗ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ ਹੋਰਨਾਂ ਨੇ ਸੰਸਦ ਭਵਨ ਵਿਚਲੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਈ। ਵਿਧਾਇਕਾਂ ਨੇ ਦੇਸ਼ ਭਰ ਦੀਆਂ ਸੂਬਾਈ ਅਸੈਂਬਲੀਆਂ ’ਚ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸੇ ਦੌਰਾਨ ਕਈ ਰਾਜਾਂ ’ਚ ਕਰਾਸ ਵੋਟਿੰਗ ਹੋਣ ਦਾ ਦਾਅਵਾ ਵੀ ਕੀਤਾ ਗਿਆ?ਹੈ। ਕਈ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਪਾਰਟੀ ਲਾਈਨ ਤੋਂ ਉਲਟ ਜਾ ਕੇ ਦਰੋਪਦੀ ਮੁਰਮੂ ਨੂੰ ਵੋਟ ਪਾਈ?ਹੈ। 4800 ਦੇ ਕਰੀਬ ਵੋਟਰਾਂ ਨੇ ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਤੇ ਵਿਰੋਧੀ ਧਿਰਾਂ ਦੇ ਉਮੀਦਵਾਰ ਯਸ਼ਵੰਤ ਸਿਨਹਾ ’ਚੋਂ ਕਿਸੇ ਇਕ ਦੀ ਚੋਣ ਕਰਨੀ ਸੀ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਤੇ ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਹਲਫ਼ ਲੈਣਗੇ। ਭਾਜਪਾ ਦੇ ਚਡ਼੍ਹਤ ਅਤੇ ਬੀਜੂ ਜਨਤਾ ਦਲ, ਬਸਪਾ, ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਤੇ ਝਾਰਖੰਡ ਮੁਕਤੀ ਮੋਰਚਾ ਜਿਹੀਆਂ ਖੇਤਰੀ ਪਾਰਟੀਆਂ ਦੀ ਹਮਾਇਤ ਮਿਲਣ ਨਾਲ ਮੁਰਮੂ ਦੀ ਵੋਟ ਹਿੱਸੇਦਾਰੀ ਦੋ-ਤਿਹਾਈ ਦੇ ਅੰਕਡ਼ੇ ਨੇਡ਼ੇ ਪੁੱਜਣ ਦੇ ਆਸਾਰ ਹਨ। ਉਨ੍ਹਾਂ ਦਾ ਨਵੇਂ ਰਾਸ਼ਟਰਪਤੀ ਵਜੋਂ ਚੁਣਿਆ ਜਾਣਾ ਲਗਪਗ ਤੈਅ ਹੈ ਤੇ ਉਹ ਇਸ ਸੰਵਿਧਾਨਕ ਅਹੁਦੇ ’ਤੇ ਬੈਠਣ ਵਾਲੇ ਪਹਿਲੀ ਕਬਾਇਲੀ ਆਗੂ ਤੇ ਦੂਜੀ ਮਹਿਲਾ ਹੋਣਗੇ। ਰਿਟਰਨਿੰਗ ਅਧਿਕਾਰੀ ਮੋਦੀ ਨੇ ਵੋਟਿੰਗ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ 736 ਵੋਟਰਾਂ, ਜਿਨ੍ਹਾਂ ’ਚ 729 ਸੰਸਦ ਮੈਂਬਰ ਤੇ 9 ਵਿਧਾਇਕ ਸਨ, ਨੂੰ ਚੋਣ ਕਮਿਸ਼ਨ ਨੇ ਸੰਸਦ ਭਵਨ ਵਿਚਲੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਸੀ। ਇਨ੍ਹਾਂ ’ਚ 728 (719 ਸੰਸਦ ਮੈਂਬਰਾਂ ਤੇ 9 ਵਿਧਾਇਕਾਂ) ਨੇ ਹੀ ਵੋਟ ਪਾਈ। ਅਧਿਕਾਰੀ ਨੇ ਕਿਹਾ ਕਿ ਅੱਠ ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ। ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੇ ਸੰਸਦ ਦੇ ਕਮਰਾ ਨੰਬਰ 63 ’ਚ ਸਥਾਪਤ ਕੀਤੇ ਪੋਲਿੰਗ ਸਟੇਸ਼ਨ ਵਿੱਚ ਵੋਟਾਂ ਪਾਈਆਂ ਜਦੋਂਕਿ ਵਿਧਾਇਕਾਂ ਨੇ ਵੋਟਾਂ ਪਾਉਣ ਲਈ ਆਪੋ ਆਪਣੇ ਰਾਜਾਂ ਵਿਚਲੀਆਂ ਅਸੈਂਬਲੀਆਂ ਦਾ ਰੁਖ਼ ਕੀਤਾ। ਚੁਣੇ ਹੋਏ ਸੰਸਦ ਮੈਂਬਰ ਤੇ ਵਿਧਾਇਕ, ਜਿਨ੍ਹਾਂ ਦੀ ਕੁੱਲ ਗਿਣਤੀ 4800 ਦੇ ਕਰੀਬ ਸੀ, ਰਾਸ਼ਟਰਪਤੀ ਚੋਣਾਂ ’ਚ ਵੋਟ ਪਾਉਣ ਦੇ ਹੱਕਦਾਰ ਸਨ। ਨਾਮਜ਼ਦ ਸੰਸਦ ਮੈਂਬਰਾਂ ਤੇ ਵਿਧਾਇਕਾਂ ਅਤੇ ਵਿਧਾਨ ਪ੍ਰੀਸ਼ਦਾਂ ਦੇ ਮੈਂਬਰਾਂ ਨੂੰ ਵੋਟ ਪਾਉਣ ਦਾ ਅਖ਼ਤਿਆਰ ਨਹੀਂ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸੰਸਦ ਮੈਂਬਰਾਂ ਨੂੰ ਵੋਟਿੰਗ ਲਈ ਹਰੇ ਰੰਗ ਦਾ ਬੈਲੇਟ ਪੇਪਰ ਜਦੋਂਕਿ ਵਿਧਾਇਕਾਂ ਨੂੰ ਗੁਲਾਬੀ ਬੈਲੇਟ ਪੇਪਰ ਦਿੱਤਾ ਗਿਆ। ਵੱਖੋ-ਵੱਖਰੇ ਰੰਗਾਂ ਕਰਕੇ ਰਿਟਰਨਿੰਗ ਅਧਿਕਾਰੀ ਲਈ ਹਰੇਕ ਵਿਧਾਇਕ ਤੇ ਸੰਸਦ ਮੈਂਬਰ ਦਾ ਵੋਟ ਮੁੱਲ ਤੈਅ ਕਰਨ ’ਚ ਮਦਦ ਮਿਲੇਗੀ। ਵੋਟਿੰਗ ਦੌਰਾਨ ਰਾਜ਼ਦਾਰੀ ਰੱਖਣ ਲਈ ਚੋਣ ਕਮਿਸ਼ਨ ਨੇ ਬੈਂਗਣੀ ਸਿਆਹੀ ਵਾਲਾ ਵਿਸ਼ੇਸ਼ ਪੈੱਨ ਰੱਖਿਆ ਸੀ। ਰਾਸ਼ਟਰਪਤੀ ਚੋਣਾਂ ’ਚ ਗੁਪਤ ਮਤਦਾਨ ਜ਼ਰੀਏ ਵੋਟਾਂ ਪਈਆਂ ਕਿਉਂਕਿ ਪਾਰਟੀਆਂ ਆਪਣੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਵੋਟਿੰਗ ਲਈ ਵ੍ਹਿਪ ਜਾਰੀ ਨਹੀਂ ਕਰ ਸਕਦੀਆਂ।