ਪਹਿਲਾਂ ਹੀ ਕਰ ਦਿੱਤੇ ਐਲਾਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਮੁਰਮੂ ਲਈ ਹਮਾਇਤ ਮੰਗੀ ਸੀ। ਸੂਤਰਾਂ ਮੁਤਾਬਕ ਅਕਾਲੀ ਦਲ ਅੰਦਰੋ-ਅੰਦਰੀ ਭਾਜਪਾ ਪ੍ਰਧਾਨ ਵੱਲੋਂ ਮੰਗੀ ਗਈ ਹਮਾਇਤ ਤੋਂ ਬਾਗੋ-ਬਾਗ ਹੈ ਕਿਉਂਕਿ ਭਾਜਪਾ ਨਾਲੋਂ ਤੋਡ਼-ਵਿਛੋਡ਼ੇ ਮਗਰੋਂ ਉਸ ਨੇ ਅਕਾਲੀ ਦਲ ਵੱਲ ਕਦੇ ਨਹੀਂ ਦੇਖਿਆ ਸੀ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗਡ਼੍ਹ ਦੇ ਗੈਸਟ ਹਾਊਸ ’ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਨਾਲ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦਡ਼, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਅਟਵਾਲ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਚੰਡੀਗਡ਼੍ਹ ਵਿਖੇ ਮੀਟਿੰਗ ਹੋਈ ਜਿਸ ’ਚ ਫ਼ੈਸਲਾ ਲਿਆ ਗਿਆ ਕਿ ਦਰੋਪਦੀ ਮੁਰਮੂ ਦੇ ਘੱਟ ਗਿਣਤੀਆਂ, ਦੱਬੇ-ਕੁਚਲਿਆਂ, ਕਬਾਇਲੀਆਂ ਅਤੇ ਪੱਛਡ਼ੇ ਵਰਗਾਂ ਦੇ ਨਾਲ-ਨਾਲ ਮਹਿਲਾਵਾਂ ਦੀ ਪ੍ਰਤੀਨਿਧਤਾ ਦੀ ਪ੍ਰਤੀਕ ਹੋਣ ਕਰਕੇ ਪਾਰਟੀ ਉਨ੍ਹਾਂ ਦੀ ਹਮਾਇਤ ਕਰੇਗੀ। ਕੋਰ ਕਮੇਟੀ ਦੀ ਮੀਟਿੰਗ ’ਚ ਪਾਸ ਕੀਤੇ ਗਏ ਮਤੇ ’ਚ ਕਿਹਾ ਗਿਆ ਕਿ ਵੰਡਪਾਊ ਅਤੇ ਫ਼ਿਰਕਾਪ੍ਰਸਤ ਧਰੁਵੀਕਰਨ ਖ਼ਾਸ ਤੌਰ ’ਤੇ ਮੌਜੂਦਾ ਐੱਨ.ਡੀ.ਏ. ਸਰਕਾਰ ਦੇ ਰਾਜ ’ਚ ਘੱਟ ਗਿਣਤੀਆਂ ਦੇ ਮਨਾਂ ’ਚ ਪੈਦਾ ਹੋਈ ਅਸੁਰੱਖਿਆ ਸਮੇਤ ਚੱਲ ਰਹੇ ਮਾਹੌਲ ਨੂੰ ਲੈ ਕੇ ਭਾਵੇਂ ਭਾਜਪਾ ਨਾਲ ਮੱਤਭੇਦ ਹਨ ਪਰ ਅਕਾਲੀ ਦਲ ਨੇ ਸਿਧਾਂਤਕ ਤੌਰ ’ਤੇ ਫ਼ੈਸਲਾ ਲੈ ਕੇ ਮੁਰਮੂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਦੱਬੇ-ਕੁਚਲੇ ਤੇ ਘੱਟ ਗਿਣਤੀਆਂ ਦੇ ਪ੍ਰਤੀਕ ਹਨ ਜਿਨ੍ਹਾਂ ਵਾਸਤੇ ਸਾਡੇ ਮਹਾਨ ਗੁਰੂਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਮਨੁੱਖੀ ਅਧਿਕਾਰਾਂ ਨੂੰ ਦਰਪੇਸ਼ ਖ਼ਤਰਿਆਂ ਖ਼ਾਸ ਤੌਰ ’ਤੇ ਧਾਰਮਿਕ ਸਹਿਣਸ਼ੀਲਤਾ ਅਤੇ ਬੋਲਣ ਦੀ ਆਜ਼ਾਦੀ ’ਤੇ ਪਾਬੰਦੀ, ਪੰਜਾਬ ਖ਼ਾਸ ਤੌਰ ’ਤੇ ਸਿੱਖਾਂ ਨਾਲ ਅਨਿਆਂ ਵਰਗੇ ਮਾਮਲਿਆਂ ’ਤੇ ਗੰਭੀਰ ਤੇ ਲੰਬੀ ਚਰਚਾ ਵੀ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਕਦੇ ਵੀ ਆਪਣੇ ਪੰਜਾਬ, ਘੱਟ ਗਿਣਤੀ, ਕਿਸਾਨ ਅਤੇ ਗ਼ਰੀਬ ਪੱਖੀ ਏਜੰਡੇ ਨਾਲ ਸਮਝੌਤਾ ਨਹੀਂ ਕਰੇਗੀ।