ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਇਥੇ ਜਗਰਾਉਂ ਵਿਖੇ ਪਿੰਡ ਬਾਰਦੇਕੇ ਦੇ ਗੋਲੀਆਂ ਮਾਰ ਕੇ ਕਤਲ ਕੀਤੇ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਪੁੱਜੇ। ਮਕਤੂਲ ਦਾ ਅੰਤਿਮ ਸਸਕਾਰ ਨਾ ਕਰਨ ‘ਤੇ ਅੜੇ ਪਰਿਵਾਰ ਨੂੰ ਪੋਸਟ ਮਾਰਟਮ ਕਰਵਾਉਣ ਦੀ ਮਨਾਉਣ ਦਾ ਉਨ੍ਹਾਂ ਯਤਨ ਕੀਤਾ ਅਤੇ ਇਨਸਾਫ਼ ਦਿਵਾਉਣ ਲਈ ਹਰ ਸੰਘਰਸ਼ ‘ਚ ਸਾਥ ਦੇਣ ਦਾ ਧਰਵਾਸਾ ਦਿੱਤਾ। ਥਾਣਾ ਸਦਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਨੇ ਆਖਿਆ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ ਅਤੇ ਇਹ ਸਾਰਾ ਕੁਝ ਗ਼ੈਰ-ਤਜ਼ਰਬੇਕਾਰ ਲੋਕਾਂ ਦੇ ਹੱਥ ‘ਚ ਸੱਤਾ ਸੌਂਪਣ ਦਾ ਨਤੀਜਾ ਹੈ। ਪੰਜਾਬੀਆਂ ਨੇ ਜਿਹੜੀ ਗਲਤੀ ਪਿਛਲੇ ਸਾਲ ਵਿਧਾਨ ਸਭਾ ਚੋਣਾਂ ‘ਚ ਕਰ ਲਈ ਉਸ ਦਾ ਸੰਤਾਪ ਲੋਕ ਚਾਰ ਸਾਲ ਹੋਰ ਭੋਗਣਗੇ। ਸੂਬੇ ‘ਚ ਹੋਰ ਹਾਲਾਤ ਵਿਗੜਨ ਦਾ ਖ਼ਦਸ਼ਾ ਜਤਾਉਂਦੇ ਹੋਏ ਬਿੱਟੂ ਨੇ ਕਿਹਾ ਕਿ ਹਾਲੇ ਹੋਰ ਨੌਜਵਾਨਾਂ ਦਾ ਖੂਨ ਡੁੱਲ੍ਹੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਤੋਂ ਕੁਝ ਵੀ ‘ਕੰਟਰੋਲ’ ਨਹੀਂ ਆ ਰਿਹਾ। ਇਹ ਸਰਕਾਰ ਨਾ ਤਾਂ ਕਦੇ ਨਸ਼ਿਆਂ ਦਾ ਖ਼ਾਤਮਾ ਕਰ ਸਕੇਗੀ ਅਤੇ ਨਾ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਸਕੇਗੀ। ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਹਰ ਖਿੱਤੇ ‘ਚ ਧਰਨੇ ਮੁਜ਼ਾਹਰੇ ਚੱਲ ਰਹੇ ਹਨ। ਸਰਕਾਰ ਨਾ ਬਹਿਬਲ-ਬੇਅਦਬੀ ਕਾਂਡ ਵਾਲਾ ਇਨਸਾਫ਼ ਮੋਰਚਾ ਚੁਕਵਾ ਸਕੀ ਹੈ ਅਤੇ ਨਾ ਜ਼ੀਰਾ ਦੀ ਸ਼ਰਾਬ ਫੈਕਟਰੀ ਵਾਲਾ। ਸਰਕਾਰ ‘ਤੇ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋਣ ਦਾ ਦੋਸ਼ ਮੜ੍ਹਦਿਆਂ ਉਨ੍ਹਾਂ ਕਿਹਾ ਕਿ ਵੱਡੀਆਂ ਆਸਾਂ ਨਾਲ ‘ਬਦਲਾਅ’ ਦੇ ਝਾਂਸੇ ‘ਚ ਆ ਕੇ ਵੱਡਾ ਫਤਵਾ ਦੇਣ ਵਾਲੇ ਲੋਕ ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਤੋਂ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਪਰਮਜੀਤ ਸਿੰਘ ਦੇ ਭਰਾ ਰਛਪਾਲ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਇਨਸਾਫ਼ ਦਿਵਾਉਣ ਲਈ ਹਰ ਸੰਘਰਸ਼ ‘ਚ ਅੱਗੇ ਲੱਗ ਕੇ ਸਾਥ ਦੇਣ ਦਾ ਭਰੋਸਾ ਦਿੱਤਾ। ਨਾਲ ਹੀ ਉਨ੍ਹਾਂ ਪਰਿਵਾਰ ਨੂੰ ਪੋਸਟ ਮਾਰਟਮ ਕਰਵਾਉਣ ਅਤੇ ਉਸ ਤੋਂ ਬਾਅਦ ਅੰਤਿਮ ਸਸਕਾਰ ਕਰਨ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਬਿੱਟੂ ਨੇ ਕਿਹਾ ਕਿ ਜੇਕਰ ਪੁਲੀਸ ਪ੍ਰਸ਼ਾਸਨ ਦੇ ਕੰਮ ‘ਚ ਕੋਈ ਘਾਟ ਰਹਿੰਦੀ ਹੈ ਅਤੇ ਪਰਿਵਾਰ ਦੇ ਮਨ ‘ਚ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਜਿਹੜੇ ਗੈਂਗਸਟਰ ਦਾ ਨਾਂ ਆ ਰਿਹਾ ਹੈ ਉਸ ਨੂੰ ਪੁਲੀਸ ਵੱਲੋਂ ਪ੍ਰੋਡਕਸ਼ਨ ਵਾਰੰਟ ‘ਤੇ ਕਪੂਰਥਲਾ ਜੇਲ੍ਹ ‘ਚੋਂ ਲਿਆਉਣ ਦਾ ਭਰੋਸਾ ਦਿੱਤਾ ਗਿਆ ਹੈ। ਡੀਜੀਪੀ ਨੇ ਆਈਜੀ ਨੂੰ ਵਿਸ਼ੇਸ਼ ਤੌਰ ‘ਤੇ ਅਗਲੇਰੀ ਕਾਰਵਾਈ ਲਈ ਭੇਜਿਆ ਹੈ ਅਤੇ ਕਤਲ ਲਈ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ। ਇਸ ਦੇ ਬਾਵਜੂਦ ਪੀੜ ਪਰਿਵਾਰ ਅੰਤਿਮ ਸਸਕਾਰ ਨਾ ਕਰਨ ‘ਤੇ ਅੜਿਆ ਰਿਹਾ।