ਬੰਗਲਾਦੇਸ਼ ਨੇ ਪਹਿਲੇ ਵਨਡੇ ‘ਚ ਪਹਿਲਾਂ ਸ਼ਾਕਿਬੁੱਲ ਹਸਨ ਦੀਆਂ ਇੰਡੀਆ ਵਿਰੁੱਧ ਪੰਜ ਵਿਕਟਾਂ ਅਤੇ ਫਿਰ ਹਰਫਨਮੌਲਾ ਮੇਹਿਦੀ ਹਸਨ ਮਿਰਾਜ (ਅਜੇਤੂ 38 ਦੌੜਾਂ) ਦੀ ਮਦਦ ਨਾਲ ਰੋਮਾਂਚਕ ਮੈਚ ‘ਚ ਇੰਡੀਆ ਨੂੰ ਇਕ ਵਿਕਟ ਨਾਲ ਹਰਾਇਆ ਤੇ ਤਿੰਨ ਮੈਚਾਂ ਦੀ ਕ੍ਰਿਕਟ ਲੜੀ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਬੰਗਲਾਦੇਸ਼ ਨੇ 40ਵੇਂ ਓਵਰ ‘ਚ ਹਸਨ ਮਹਿਮੂਦ (0) ਦੇ ਰੂਪ ‘ਚ 136 ਦੌੜਾਂ ‘ਤੇ ਆਪਣਾ ਨੌਵਾਂ ਵਿਕਟ ਗੁਆ ਦਿੱਤਾ ਪਰ ਭਾਰਤੀ ਟੀਮ ਅਗਲੇ ਛੇ ਓਵਰਾਂ ‘ਚ ਆਖਰੀ ਵਿਕਟ ਨਹੀਂ ਲੈ ਸਕੀ। ਇਸ ‘ਚ ਮੇਹਦੀ ਹਸਨ (39 ਗੇਂਦਾਂ, ਚਾਰ ਚੌਕੇ, ਦੋ ਛੱਕੇ) ਅਤੇ ਮੁਸਤਫਿਜ਼ੁਰ ਰਹਿਮਾਨ (ਅਜੇਤੂ 10) ਵਿਚਾਲੇ ਆਖਰੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਨੇ ਅਹਿਮ ਭੂਮਿਕਾ ਨਿਭਾਈ। ਸ਼ਾਕਿਬ (36/5) ਨੇ ਪੰਜ ਵਿਕਟਾਂ ਲਈਆਂ ਜਿਸ ਨਾਲ ਬੰਗਲਾਦੇਸ਼ ਨੇ ਲੋਕੇਸ਼ ਰਾਹੁਲ (73) ਦੇ ਸੰਘਰਸ਼ਸ਼ੀਲ ਅਰਧ ਸੈਂਕੜੇ ਦੇ ਬਾਵਜੂਦ ਇੰਡੀਆ ਨੂੰ 41.2 ਓਵਰਾਂ ‘ਚ 186 ਦੌੜਾਂ ‘ਤੇ ਢੇਰ ਕਰ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਏ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 7 ਦੌੜਾਂ ਦੇ ਨਿੱਜੀ ਸਕੋਰ ‘ਤੇ ਮਹੇਦੀ ਹਸਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇੰਡੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ 27 ਦੌੜਾਂ ਬਣਾ ਸ਼ਾਕਿਬ ਅਲ ਹਸਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇੰਡੀਆ ਦੀ ਤੀਜੀ ਵਿਕਟ ਵਿਰਾਟ ਕੋਹਲੀ ਦੇ ਤੌਰ ‘ਤੇ ਡਿੱਗੀ। ਕੋਹਲੀ 9 ਦੌੜਾਂ ਬਣਾ ਸ਼ਾਕਿਬ ਅਲ ਹਸਨ ਦਾ ਸ਼ਿਕਾਰ ਬਣਿਆ। ਇੰਡੀਆ ਦੀ ਚੌਥੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ ‘ਤੇ ਡਿੱਗੀ। ਸ਼੍ਰੇਅਸ 24 ਦੌੜਾਂ ਬਣਾ ਅਬਾਦਲ ਹੁਸੈਨ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ 19 ਦੌੜਾਂ, ਸ਼ਾਹਬਾਜ਼ ਅਹਿਮਦ ਨੇ ਸਿਫਰ, ਸ਼ਾਰਦੁਲ ਠਾਕੁਰ ਨੇ 2 ਦੌੜਾਂ ਤੇ ਦੀਪਕ ਚਾਹਰ ਨੇ ਸਿਫਰ ਦੌੜਾਂ ਬਣਾਈਆਂ। ਕੇ.ਐੱਲ. ਰਾਹੁਲ ਨੇ ਇੰਡੀਆ ਵੱਲੋਂ ਸਭ ਤੋਂ ਵੱਧ 73 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੇ 4 ਛੱਕੇ ਲਗਾਏ। ਕੇ.ਐੱਲ. ਰਾਹੁਲ ਨੂੰ ਇਬਾਦਤ ਹੁਸੈਨ ਨੇ ਆਊਟ ਕੀਤਾ। ਬੰਗਲਾਦੇਸ਼ ਵਲੋਂ ਮੇਹਦੀ ਹਸਨ ਨੇ 1, ਸ਼ਾਕਿਬ ਅਲ ਹਸਨ ਨੇ 5 ਤੇ ਇਬਾਦਤ ਹੁਸੈਨ ਨੇ 4 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਨਜਮੁਲ ਹੁਸੈਨ ਆਪਣਾ ਖਾਤਾ ਵੀ ਨਾ ਖੋਲ੍ਹ ਸਕਿਆ ਤੇ ਚਾਹਲ ਵੱਲੋਂ ਆਊਟ ਹੋ ਗਿਆ। ਇਸ ਤੋਂ ਬੰਗਲਾਦੇਸ਼ ਦੀ ਦੂਜੀ ਵਿਕਟ ਅਨਾਮੁਲ ਹੱਕ ਦੇ ਤੌਰ ‘ਤੇ ਡਿੱਗੀ। ਅਨਾਮੁਲ 14 ਦੌੜਾਂ ਬਣਾ ਸਿਰਾਜ ਦਾ ਸ਼ਿਕਾਰ ਬਣਿਆ। ਬੰਗਲਾਦੇਸ਼ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਲਿਟਨ ਦਾਸ 41 ਦੌੜਾਂ ਦੇ ਨਿੱਜੀ ਸਕੋਰ ‘ਤੇ ਵਾਸ਼ਿੰਗਟਨ ਸੁੰਦਰ ਵੱਲੋਂ ਆਊਟ ਹੋ ਗਿਆ। ਬੰਗਲਾਦੇਸ਼ ਨੂੰ ਚੌਥਾ ਝਟਕਾ ਸ਼ਾਕਿਬ ਅਲ ਹਸਨ ਦੇ ਆਊਟ ਹੋਣ ਨਾਲ ਲੱਗਾ। ਸ਼ਾਕਿਬ 29 ਦੌੜਾਂ ਬਣਾ ਵਾਸ਼ਿੰਗਟਨ ਸੁੰਦਰ ਦਾ ਸ਼ਿਕਾਰ ਬਣਿਆ।