ਇੰਡੀਆ ਦੀ ਕ੍ਰਿਕਟ ਟੀਮ ‘ਚ ਸ਼ਾਮਲ ਰਹੇ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਨਜ਼ਦੀਕੀ ਮੰਨੇ ਜਾਂਦੇ ਰੌਬਿਨ ਉਥੱਪਾ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਥੱਪਾ ਦਾ ਇਹ ਫ਼ੈਸਲਾ ਉਦੋਂ ਆਇਆ ਹੈ ਜਦੋਂ 2007 ‘ਚ ਇੰਡੀਆ ਦੇ ਪਾਕਿਸਤਾਨ ਦੇ ਖ਼ਿਲਾਫ਼ ਬਾਲ ਆਊਟ ‘ਚ ਹਾਸਲ ਕੀਤੀ ਗਈ ਜਿੱਤ ਨੂੰ ਪੂਰੇ 15 ਸਾਲ ਹੋ ਗਏ ਹਨ। ਇਸ ਮੈਚ ‘ਚ ਰੌਬਿਨ ਨੇ ਅਹਿਮ ਭੂਮਿਕਾ ਨਿਭਾਈ ਸੀ। ਰੌਬਿਨ ਬਾਲ ਆਊਟ ਲਈ ਚੁਣੇ ਗਏ ਪਹਿਲੇ 3 ਕ੍ਰਿਕਟਰਾਂ ਵਿੱਚੋਂ ਇਕ ਸੀ। ਉਨ੍ਹਾਂ ਨੇ ਤੀਸਰੀ ਕੋਸ਼ਿਸ਼ ‘ਚ ਗੇਂਦ ਨੂੰ ਵਿਕਟ ‘ਤੇ ਮਾਰ ਕੇ ਇੰਡੀਆ ਦੀ ਜਿੱਤ ‘ਤੇ ਮੋਹਰ ਲਗਾਈ। ਫਿਲਹਾਲ ਰੌਬਿਨ ਉਥੱਪਾ ਨੇ ਰਿਟਾਇਰਮੈਂਟ ਸਬੰਧੀ ਟਵਿੱਟਰ ‘ਤੇ ਇਕ ਨੋਟ ਪੋਸਟ ਕੀਤਾ ਅਤੇ ਇਸ ਦੇ ਕੈਪਸ਼ਨ ‘ਚ ਲਿਖਿਆ – ਆਪਣੇ ਦੇਸ਼ ਅਤੇ ਮੇਰੇ ਸੂਬੇ ਕਰਨਾਟਕ ਦੀ ਪ੍ਰਤੀਨਿਧਤਾ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੋਣਾ ਚਾਹੀਦਾ ਹੈ ਅਤੇ ਮੈਂ ਧੰਨਵਾਦੀ ਦਿਲ ਨਾਲ ਭਾਰਤੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਨੇ ਨੋਟ ‘ਚ ਲਿਖਿਆ- ‘ਮੈਂ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਪੇਸ਼ੇਵਰ ਕ੍ਰਿਕਟ ਖੇਡ ਰਿਹਾ ਹਾਂ। ਇਸ ਸਮੇਂ ਦੌਰਾਨ ਮੈਂ ਦੇਸ਼ ਅਤੇ ਆਪਣੇ ਸੂਬੇ ਕਰਨਾਟਕ ਲਈ ਮਾਣ ਨਾਲ ਕ੍ਰਿਕਟ ਖੇਡਿਆ। ਮੇਰੇ ਕਰੀਅਰ ਦੌਰਾਨ ਕਈ ਉਤਰਾਅ-ਚੜ੍ਹਾਅ ਆਏ ਜਿਨ੍ਹਾਂ ਦਾ ਮੈਂ ਬਹੁਤ ਆਨੰਦ ਮਾਣਿਆ। ਸਾਰੀਆਂ ਚੰਗੀਆਂ ਚੀਜ਼ਾਂ ਇਕ ਦਿਨ ਖਤਮ ਹੋ ਜਾਂਦੀਆਂ ਹਨ। ਇਸ ਲਈ ਮੈਂ ਭਾਰਤੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਹੁਣ ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹਾਂਗਾ। ਮੈਂ ਬੀ.ਸੀ.ਸੀ.ਆਈ. ਦੇ ਪ੍ਰਧਾਨ, ਸਕੱਤਰ ਅਤੇ ਦਫ਼ਤਰੀ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੇਰੇ ਕ੍ਰਿਕਟ ਕਰੀਅਰ ਨੂੰ ਅੱਗੇ ਵਧਾਉਣ ‘ਚ ਮੇਰਾ ਸਾਥ ਦਿੱਤਾ। ਮੈਂ ਕਰਨਾਟਕ ਰਾਜ ਕ੍ਰਿਕਟ ਸੰਘ, ਸੌਰਾਸ਼ਟਰ ਕ੍ਰਿਕਟ ਸੰਘ ਅਤੇ ਕੇਰਲ ਕ੍ਰਿਕਟ ਸੰਘ ਦਾ ਧੰਨਵਾਦ ਕਰਨਾ ਚਾਹਾਂਗਾ। ਇਸ ਤੋਂ ਇਲਾਵਾ ਆਈ.ਪੀ.ਐੱਲ. ਫ੍ਰੈਂਚਾਈਜ਼ੀ ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਪੁਣੇ ਵਾਰੀਅਰਜ਼ ਇੰਡੀਆ ਅਤੇ ਰਾਜਸਥਾਨ ਰਾਇਲਜ਼ ਦਾ ਧੰਨਵਾਦ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਦਾ ਵਿਸ਼ੇਸ਼ ਧੰਨਵਾਦ।’