ਕੋਵਿਡ-19 ਮਹਾਮਾਰੀ ਦੌਰਾਨ ਉਡਾਣਾਂ ਰੱਦ ਹੋਣ ਜਾਂ ਉਨ੍ਹਾਂ ਦੇ ਪ੍ਰੋਗਰਾਮ ‘ਚ ਬਦਲਾਅ ਤੋਂ ਪ੍ਰਭਾਵਿਤ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ‘ਚ ਦੇਰੀ ਲਈ ਅਮਰੀਕਾ ਸਰਕਾਰ ਨੇ ਏਅਰ ਇੰਡੀਆ ‘ਤੇ 14 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ। ਯੂ.ਐਸ. ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ ਨੇ ਕਿਹਾ ਕਿ ਏਅਰ ਇੰਡੀਆ ਉਨ੍ਹਾਂ 6 ਏਅਰਲਾਈਨਾਂ ਵਿੱਚੋਂ ਇਕ ਹੈ ਜਿਨ੍ਹਾਂ ਨੂੰ ਯਾਤਰੀਆਂ ਨੂੰ ਰਿਫੰਡ ਦੇ ਰੂਪ ‘ਚ ਕੁੱਲ 60 ਕਰੋੜ ਡਾਲਰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਏਅਰ ਇੰਡੀਆ ਨੂੰ ਵੀ 12.15 ਕਰੋੜ ਡਾਲਰ ਵਾਪਸ ਕਰਨ ਲਈ ਵੀ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦਾ ਯਾਤਰੀਆਂ ਦੀ ‘ਬੇਨਤੀ ‘ਤੇ ਰਿਫੰਡ’ ਦਾ ਪ੍ਰਬੰਧ ਯੂ.ਐਸ. ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ ਦੀਆਂ ਨੀਤੀਆਂ ਦੇ ਉਲਟ ਹੈ। ਅਮਰੀਕਨ ਸਰਕਾਰ ਨੇ ਇਹ ਨਿਯਮ ਬਣਾਇਆ ਹੈ ਕਿ ਜੇਕਰ ਕੋਈ ਫਲਾਈਟ ਰੱਦ ਜਾਂ ਬਦਲੀ ਜਾਂਦੀ ਹੈ ਤਾਂ ਏਅਰਲਾਈਨਜ਼ ਨੂੰ ਕਾਨੂੰਨੀ ਤੌਰ ‘ਤੇ ਯਾਤਰੀਆਂ ਦੇ ਟਿਕਟ ਦੇ ਪੈਸੇ ਵਾਪਸ ਕਰਨੇ ਹੋਣਗੇ। ਵਿਭਾਗੀ ਜਾਂਚ ‘ਚ ਪਾਇਆ ਗਿਆ ਕਿ ਏਅਰ ਇੰਡੀਆ ਨੇ ਰਿਫੰਡ ਦੀਆਂ ਅੱਧੇ ਤੋਂ ਜ਼ਿਆਦਾ ਅਰਜ਼ੀਆਂ ‘ਤੇ ਕਾਰਵਾਈ ਕਰਨ ‘ਚ ਨਿਰਧਾਰਤ 100 ਤੋਂ ਜ਼ਿਆਦਾ ਦਿਨ ਲਗਾਇਆ। ਰਿਫੰਡ ‘ਚ ਦੇਰੀ ਦੇ ਇਹ ਮਾਮਲੇ ਟਾਟਾ ਸਮੂਹ ਦੇ ਹੱਥੋਂ ਏਅਰ ਇੰਡੀਆ ਦੀ ਪ੍ਰਾਪਤੀ ਤੋਂ ਪਹਿਲਾਂ ਦੇ ਹਨ। ਏਅਰ ਇੰਡੀਆ ਤੋਂ ਇਲਾਵਾ ਫਰੰਟੀਅਰ, ਟੀ.ਏ.ਪੀ. ਪੁਰਤਗਾਲ, ਏਅਰੋ ਮੈਕਸੀਕੋ, ਈ.ਆਈ.ਏ.ਆਈ. ਅਤੇ ਅਵਿਆਂਕਾ ਏਅਰਲਾਈਨਜ਼ ਨੂੰ ਵੀ ਅਮਰੀਕਨ ਸਰਕਾਰ ਨੇ ਜੁਰਮਾਨਾ ਕੀਤਾ ਹੈ।