ਪਿਛਲੇ ਦਿਨੀਂ ਸਰੀ ’ਚ ਗੋਲੀ ਮਾਰ ਕੇ ਕਤਲ ਕੀਤੇ ਗਏ ਰਿਪੁਦਮਨ ਸਿੰਘ ਮਲਿਕ ਦੇ ਮਾਮਲੇ ’ਚ ਕੈਨੇਡੀਅਨ ਪੁਲੀਸ ਨੂੰ ਹਾਲੇ ਤੱਕ ਕੋਈ ਵੱਡਾ ਸੁਰਾਗ਼ ਹੱਥ ਨਹੀਂ ਲੱਗਾ ਹੈ ਅਤੇ ਪੁਲੀਸ ਦੇ ਹੱਥ ਇਕ ਤਰ੍ਹਾਂ ਨਾਲ ਖਾਲੀ ਹਨ। ਭਾਵੇਂ ਪੁਲੀਸ ਦੀ ਪ੍ਰਮੁੱਖ ਹੋਮੀਸਾਈਡ ਯੂਨਿਟ ਨੇ ਚਿੱਟੇ ਰੰਗ ਦੀ ਹੌਂਡਾ ਸੀ.ਆਰ.ਵੀ. ਕਾਰ ਦੀ ਵੀਡੀਓ ਫੁਟੇਜ ਜਾਰੀ ਕੀਤੀ ਹੈ ਜਿਸ ਨੂੰ ਇਸ ਕਤਲ ਕਾਂਡ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਵੀਰਵਾਰ ਨੂੰ ਸਵੇਰੇ 9:30 ਵਜੇ ਜਦੋਂ 75 ਸਾਲਾ ਮਲਿਕ ਆਪਣੇ ‘ਪੈਪੀਲੌਨ ਈਸਟਰਨ ਇੰਪੋਰਟਸ’ ਨਾਂ ਦੇ ਕਾਰੋਬਾਰੀ ਦਫ਼ਤਰ ’ਚ ਜਾਣ ਲਈ ਆਪਣੀ ਟੈਸਲਾ ਕਾਰ ਪਾਰਕ ਕਰ ਰਹੇ ਸਨ, ਉਦੋਂ ਇਸੇ ਚਿੱਟੀ ਕਾਰ ’ਚ ਬੈਠੇ ਇਕ ਵਿਅਕਤੀ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਸਨ। ਇਹ ਕਾਰ ਮਲਿਕ ਦੇ ਆਉਣ ਤੋਂ ਪਹਿਲਾਂ ਹੀ ਆ ਗਈ ਸੀ ਤੇ ਉਸ ’ਚ ਬੈਠੇ ਕਾਤਲ ਨੇ ਉਨ੍ਹਾਂ ਦੀ ਕੁਝ ਚਿਰ ਉਡੀਕ ਕੀਤੀ। ਪੁਲੀਸ ਵੱਲੋਂ ਜਾਰੀ ਕੀਤੀ ਗਈ ਵੀਡੀਓ ’ਚੋਂ ਇਹ ਵੀ ਪਤਾ ਲੱਗਦਾ ਹੈ ਕਿ ਹਮਲਾਵਰ ਦੀ ਉਸ ਕਾਰ ’ਚ ਇਕ ਤੋਂ ਵੱਧ ਵਿਅਕਤੀ ਸਨ। ਪੁਲੀਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਬਾਰੇ ਕੋਈ ਵੀ ਨਵੀਂ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਦੱਸੀ ਜਾਵੇ। ਉਂਝ ਪੁਲੀਸ ਨੇ ਰਿਪੁਦਮਨ ਸਿੰਘ ਮਲਿਕ ਦੀ ਕਾਰ ਦੇ ਡੈਸ਼ਬੋਰਡ ’ਤੇ ਲੱਗੇ ਕੈਮਰੇ ਦੀ ਸਵੇਰੇ 7:00 ਵਜੇ ਤੋਂ ਲੈ ਕੇ 9:00 ਤੱਕ ਦੀ ਫੁਟੇਜ ਲੈ ਲਈ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਇਕ ਸੇਵਾਮੁਕਤ ਅਧਿਕਾਰੀ ਡੂਗ ਬੈਸਟ ਨੇ ਕਿਹਾ ਕਿ ਜੇ ਉਨ੍ਹਾਂ ਦੇ ਏਨੇ ਜਾਣਕਾਰ ਸਨ ਤਾਂ ਉਨ੍ਹਾਂ ਦੇ ਕੋਈ ਨਾ ਕੋਈ ਦੋਖੀ ਵੀ ਜ਼ਰੂਰ ਹੋਣਗੇ ਤੇ ਇਹ ਕਾਰਾ ਉਨ੍ਹਾਂ ’ਚੋਂ ਹੀ ਕਿਸੇ ਦੁਸ਼ਮਣਾਂ ਦਾ ਹੋ ਸਕਦਾ ਹੈ। ਮਲਿਕ ਦੇ ਕਤਲ ਸਬੰਧੀ ਜਾਂਚ ਕਰ ਰਹੀ ‘ਇੰਟੈਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ’ ਦੇ ਸਾਰਜੈਂਟ ਡੇਵਿਡ ਲੀ ਨੇ ਕਿਹਾ ਹੈ ਕਿ ਇਹ ਇਕ ‘ਹਾਈ ਪ੍ਰੋਫਾਈਲ ਅੰਤਰਰਾਸ਼ਟਰੀ ਮਾਮਲਾ ਹੈ’ ਅਤੇ ਅਜਿਹੇ ਮਾਮਲੇ ਗੁੰਝਲਦਾਰ ਹੁੰਦੇ ਹਨ ਤੇ ਇਨ੍ਹਾਂ ਦੀ ਜਾਂਚ ’ਚ ਕਿੰਨਾ ਸਮਾਂ ਲੱਗੇਗਾ, ਇਸ ਬਾਰੇ ਹਾਲੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਕਤਲ ਕਾਂਡ ਦੀ ਜਾਂਚ ਨਤੀਜੇ ਸਾਹਮਣੇ ਆਉਣ ’ਚ ਦੋ ਹਫ਼ਤੇ ਵੀ ਲੱਗ ਸਕਦੇ ਹਨ, ਦੋ ਮਹੀਨੇ ਵੀ ਤੇ ਦੋ ਸਾਲ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜਾਂਚ ਚੱਲ ਰਹੀ ਹੈ। ਉਨ੍ਹਾਂ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਕਾਤਲਾਂ ਬਾਰੇ ਹਾਲੇ ਕਿਸੇ ਤਰ੍ਹਾਂ ਦੀਆਂ ਕੋਈ ਕਿਆਸਅਰਾਈਆਂ ਨਾ ਲਾਈਆਂ ਜਾਣ। ਇਸ ਦੌਰਾਨ ਮਲਿਕ ਪਰਿਵਾਰ ਦੇ ਦੱਖਣੀ ਸਰੀ ’ਚ ਸਥਿਤ 68 ਲੱਖ ਡਾਲਰ ਦੀ ਰਿਹਾਇਸ਼ਗਾਹ ਦੇ ਬਾਹਰ ਉਨ੍ਹਾਂ ਦੇ ਵੱਡੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਕਦੇ ਵੀ ਕਿਸੇ ਸਕਿਓਰਿਟੀ ਦੀ ਕੋਈ ਲੋਡ਼ ਮਹਿਸੂਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੇ ਕਦੇ ਅਜਿਹਾ ਕੁਝ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤੋਂ ਕੋਈ ਖ਼ਤਰਾ ਹੈ ਜਾਂ ਉਨ੍ਹਾਂ ਨੂੰ ਕੋਈ ਧਮਕੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਲਾਅ-ਆਫਿਸ ’ਚ ਕੰਮ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਪਤਨੀ ਵੱਲੋਂ ਇਹ ਭਾਣਾ ਵਰਤਣ ਦਾ ਫੋਨ ਆ ਗਿਆ। ਰਿਪੁਦਮਨ ਸਿੰਘ ਮਲਿਕ ਆਪਣੇ ਕਾਰੋਬਾਰ ‘ਖ਼ਾਲਸਾ ਕ੍ਰੈਡਿਟ ਯੂਨੀਅਨ’ ਅਤੇ ਖ਼ਾਲਸਾ ਸਕੂਲਾਂ ਦੇ ਬਾਨੀ ਹੋਣ ਕਾਰਨ ਵੀ ਕਾਫ਼ੀ ਚਰਚਿਤ ਰਹੇ ਹਨ।