1985 ’ਚ ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਕੇਸ ’ਚ ਬਰੀ ਕੀਤੇ 75 ਸਾਲਾ ਰਿਪੁਦਮਨ ਸਿੰਘ ਮਲਿਕ ਦੀ ਸਰੀ ’ਚ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕੀਤੀ ਹੱਤਿਆ ਤੋਂ ਬਾਅਦ ਹੁਣ ਕੈਨੇਡਾ ਦੀ ਪੁਲੀਸ ਇਸ ਕਤਲ ਪਿਛਲੇ ਕਾਰਨਾਂ ਦਾ ਪਤਾ ਲਾਉਣ ’ਚ ਰੁੱਝੀ ਹੋਈ ਹੈ। ਪਰ ਹਾਲੇ ਤੱਕ ਕੈਨੇਡਾ ਦੀ ਪੁਲੀਸ ਦੇ ਕਤਲ ਦੇ ਕਾਰਨਾਂ ਤੇ ਕਾਤਲਾਂ ਦਾ ਪਤਾ ਲਾਉਣ ਦੇ ਪੱਖ ਤੋਂ ਹੱਥ ਖਾਲੀ ਹੀ ਹਨ। ਕੈਨੇਡੀਅਨ ਪੁਲੀਸ ਦਾ ਕਹਿਣਾ ਹੈ ਕਿ ਉਹ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਲਿਕ ਨੂੰ ਸਰੀ ਦੀ 128 ਸਟਰੀਟ ਦੇ 82-ਬਲਾਕ ’ਚ ਵੀਰਵਾਰ ਸਵੇਰੇ ਤਕਰੀਬਨ 9.26 ’ਤੇ ਹਮਲਾਵਰ ਨੇ ਗੋਲੀ ਮਾਰ ਕੇ ਕਤਲ ਕੀਤਾ। ਗੋਲੀ ਮਾਰਨ ਤੋਂ ਬਾਅਦ ਟੇਸਲਾ ਕਾਰ ਨੂੰ ਅੱਗ ਲਾ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਿਪੁਦਮਨ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗਡ਼ੀ ਨੂੰ ਅਦਾਲਤ ਨੇ ਮਾਰਚ 2005 ’ਚ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਕੇਸ ’ਚ ਬਰੀ ਕਰ ਦਿੱਤਾ ਸੀ। ਬੰਬ ਨੂੰ ਵੈਨਕੂਵਰ ਹਵਾਈ ਅੱਡੇ ’ਤੇ ਜਹਾਜ਼ ’ਚ ਸੂਟਕੇਸ ’ਚ ਰੱਖਿਆ ਗਿਆ ਸੀ, ਜਿਸ ਨੂੰ ਫਿਰ ਏਅਰ ਇੰਡੀਆ 182 ’ਤੇ ਟੋਰਾਂਟੋ ਪਹੁੰਚਾਇਆ ਗਿਆ। ਇਹ ਜਹਾਜ਼ 23 ਜੂਨ 1985 ਨੂੰ ਆਇਰਲੈਂਡ ਦੇ ਤੱਟ ’ਤੇ ਐਟਲਾਂਟਿਕ ਮਹਾਸਾਗਰ ’ਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ’ਚ 24 ਭਾਰਤੀਆਂ ਸਮੇਤ 329 ਲੋਕਾਂ ਦੀ ਮੌਤ ਹੋ ਗਈ ਸੀ। ਇਕ ਹੋਰ ਬੰਬ ਵੀ ਜਾਪਾਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ’ਚ ਲਗਾਏ ਜਾਣ ਦੀ ਸਾਜ਼ਿਸ਼ ਸੀ ਪਰ ਇਹ ਟੋਕੀਓ ਦੇ ਨਰਿਤਾ ਏਅਰਪੋਰਟ ’ਤੇ ਫਟ ਗਿਆ। ਇਸ ’ਚ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ। ਇਕ ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਰਿਪੁਦਮਨ ਸਿੰਘ ਮਲਿਕ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਕਥਿਤ ਤੌਰ ’ਤੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਸੀ ਜਿਸ ’ਚ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਚੁੱਕੇ ਗਏ ਸਾਕਾਰਾਤਮਕ ਕਦਮਾਂ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ ਸੀ। ਇਸ ਦੇ ਨਾਲ ਹੀ ਇਹ ਵੀ ਦੱਸਦਈਏ ਕਿ ਜਨਵਰੀ ’ਚ ਰਿਪੁਦਮਨ ਸਿੰਘ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਸੀ, ਪਰ ਇਸ ਬਾਰੇ ਸਪੱਸ਼ਟ ਤੌਰ ’ਤੇ ਹਾਲੇ ਕੁਝ ਵੀ ਕਹਿਣਾ ਔਖਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।