ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ’ਚ ਕੈਨੇਡੀਅਨ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਸਰੀ ’ਚ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਤੋਂ 21 ਸਾਲਾ ਟੈਨਰ ਫੌਕਸ ਅਤੇ ਨਿਊ ਵੈਸਟਮਿੰਸਟਰ ਦੇ ਵੈਨਕੂਵਰ ਉਪਨਗਰ ਤੋਂ 23 ਸਾਲਾ ਜੋਸ ਲੋਪੇਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਮਨਦੀਪ ਮੂਕਰ ਨੇ ਕਿਹਾ, ‘ਅਸੀਂ ਇਸ ਕਤਲ ਦੇ ਸਬੰਧ ’ਚ ਦੋਵਾਂ ਮਸ਼ਕੂਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਚ ਕਾਮਯਾਬ ਹੋਏ। ਪੁਲੀਸ ਨੂੰ ਇਨ੍ਹਾਂ ਦੋਵਾਂ ਬਾਰੇ ਪਹਿਲਾਂ ਹੀ ਜਾਣਕਾਰੀ ਸੀ।’‘ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਕਿਹਾ, ‘ਜਾਂਚ ਦਾ ਨਤੀਜਾ ਜੋ ਵੀ ਹੋਵੇ, ਅਸੀਂ ਮਹਾਨ ਵਿਅਕਤੀ ਨੂੰ ਗੁਆ ਦਿੱਤਾ ਹੈ।’ ਰਿਪੁਦਮਨ ਸਿੰਘ ਮਲਿਕ ਨੂੰ 1985 ਦੇ ਏਅਰ ਇੰਡੀਆ ਕਨਿਸ਼ਕ ਜਹਾਜ਼ ਅੱਤਵਾਦੀ ਬੰਬ ਧਮਾਕੇ ਦੇ ਕੇਸ ’ਚ ਬਰੀ ਕਰ ਦਿੱਤਾ ਗਿਆ ਸੀ, ਜਿਸ ’ਚ 331 ਲੋਕਾਂ ਦੀ ਮੌਤ ਹੋ ਗਈ ਸੀ। ਧਾਦ ਰਹੇ ਕਿ ਮਲਿਕ ਦੀ 15 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਨਿਸ਼ਕ ਜਹਾਜ਼ ਬੰਬ ਕਾਂਡ ਦੇ ਮਾਮਲੇ ’ਚ ਮਲਿਕ ਅਤੇ ਸਹਿ-ਦੋਸ਼ੀ ਅਜਾਇਬ ਸਿੰਘ ਬਾਗਡ਼ੀ ਨੂੰ 2005 ’ਚ ਬਰੀ ਕਰ ਦਿੱਤਾ ਗਿਆ ਸੀ। ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ ਅਤੇ ਜਲਦ ਹੋਰ ਵੇਰਵੇ ਸਾਂਝੈ ਕੀਤੇ ਜਾਣਗੇ।