ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਨੇ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਮਾਰਕੋ ਮੈਡੀਸੀਨੋ ਨੂੰ ਪੱਤਰ ਲਿਖ ਕੇ ਧਨਾਢ ਸਿੱਖ ਰਿਪੁਦਮਨ ਸਿੰਘ ਮਲਿਕ ਦੇ ਕਤਲ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਕੌਂਸਲ ਨੇ ਮੰਗ ਕੀਤੀ ਕਿ ਕੇਸ ਦੀ ਇਸ ਨੁਕਤੇ ਤੋਂ ਵੀ ਜਾਂਚ ਕੀਤੀ ਜਾਵੇ। ਪੱਤਰ ’ਚ ਪਿਛਲੇ ਸਾਲਾਂ ’ਚ ਭਾਰਤੀ ਖੁਫੀਆ ਏਜੰਸੀਆਂ ਦੀ ਕੈਨੇਡਾ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਦੀਆਂ ਮਿਸਾਲਾਂ ਅਤੇ ਕੈਨੇਡਾ ਦੀ ਉੱਚ ਅਦਾਲਤ ਦੇ ਫੈਸਲੇ ਦਾ ਵੀ ਹਵਾਲਾ ਦਿਤਾ ਗਿਆ ਹੈ। ਪੱਤਰ ’ਚ ਵਿਦੇਸ਼ੀ ਏਜੰਸੀਆਂ ਵਲੋਂ ਭਾਰਤੀ ਅਤੇ ਕੈਨੇਡੀਅਨ ਮੀਡੀਆ ਦੇ ਇਕ ਹਿੱਸੇ ਨੂੰ ਆਪਣੇ ਹਿਸਾਬ ਨਾਲ ਵਰਤਣ ਦੇ ਦੋਸ਼ ਲਾ ਕੇ ਪੰਜਾਬੀ ਭਾਈਚਾਰੇ ਨੂੰ ਵੰਡਣ ਦੀ ਨੀਤੀ ਦਾ ਹਿੱਸਾ ਦੱਸਿਆ ਗਿਆ ਹੈ। ਕੌਂਸਲ ਨੇ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਨੇ ਰਿਪੁਦਮਨ ਮਲਿਕ ਦੇ ਕਤਲ ਤੋਂ ਬਾਅਦ ਸਾਰਾ ਜ਼ੋਰ ਉਸ ਨੂੰ ਏਅਰ ਇੰਡੀਆ ਜਹਾਜ਼ ਬੰਬ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਵਜੋਂ ਪ੍ਰਚਾਰਨ ’ਤੇ ਲਾਇਆ। ਵਾਇਰਲ ਹੋਏ ਪੱਤਰ ਉਤੇ ਕੌਂਸਲ ਅਹੁਦੇਦਾਰਾਂ ਦੇ ਦਸਤਖਤ ਨਾ ਹੋਣ ਬਾਰੇ ਸੰਪਰਕ ਕਰਨ ’ਤੇ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਚਿੱਠੀ ਮੰਤਰੀ ਨੂੰ ਈਮੇਲ ਰਾਹੀਂ ਲਿਖੀ ਹੋਣ ਕਾਰਨ ਦਸਤਖਤਾਂ ਦੀ ਲੋਡ਼ ਨਹੀਂ। ਉਧਰ ਸਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਭਾਰਤੀ ਮੀਡੀਆ ਵਿਚ ਉਸ ਉੱਤੇ ਕਤਲ ਦੀ ਉਂਗਲ ਚੁੱਕੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਾਨੂੰਨੀ ਕਾਰਵਾਈ ਦੀ ਗੱਲ ਆਖੀ ਹੈ।