ਹਾਕੀ ਖਿਡਾਰਨ ਰਾਣੀ ਰਾਮਪਾਲ ਦੀ ਟੀਮ ਇੰਡੀਆ ‘ਚ ਵਾਪਸੀ ਅਤੇ ਗੋਲ ਕਰਨ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ‘ਚ ਸਾਊਥ ਅਫਰੀਕਾ ਨੂੰ 5-1 ਨਾਲ ਹਰਾ ਦਿੱਤਾ। ਪਿਛਲੇ ਸਾਲ ਜੂਨ ‘ਚ ਐੱਫ.ਆਈ.ਐੱਚ. ਮਹਿਲਾ ਹਾਕੀ ਪ੍ਰੋ ਲੀਗ 2021-22 ‘ਚ ਬੈਲਜੀਅਮ ਖ਼ਿਲਾਫ਼ ਖੇਡਣ ਤੋਂ ਬਾਅਦ ਟੀਮ ‘ਚ ਵਾਪਸੀ ਕਰਨ ਵਾਲੀ ਰਾਣੀ ਨੇ 12ਵੇਂ ਮਿੰਟ ‘ਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਮੋਨਿਕਾ (20ਵੀਂ), ਨਵਨੀਤ ਕੌਰ (24ਵੀਂ), ਗੁਰਜੀਤ ਕੌਰ (25ਵੀਂ) ਅਤੇ ਸੰਗੀਤਾ ਕੁਮਾਰੀ (30ਵੀਂ) ਨੇ ਗੋਲ ਕੀਤੇ। ਅੱਧੇ ਸਮੇਂ ਤੱਕ ਇੰਡੀਆ 5-0 ਨਾਲ ਅੱਗੇ ਸੀ। ਸਾਊਥ ਅਫਰੀਕਾ ਲਈ ਇਕਲੌਤਾ ਗੋਲ ਕਪਤਾਨ ਕਨੀਤਾ ਬੌਬਸ ਨੇ 44ਵੇਂ ਮਿੰਟ ‘ਚ ਕੀਤਾ। ਪਿਛਲੇ ਸਾਲ ਯੂਨੀਫਰ ਅੰਡਰ-23 ਪੰਜ ਦੇਸ਼ਾਂ ਦੇ ਟੂਰਨਾਮੈਂਟ ‘ਚ ਭਾਰਤੀ ਜੂਨੀਅਰ ਟੀਮ ਦੀ ਕਪਤਾਨੀ ਕਰਨ ਵਾਲੀ ਮਿਡਫੀਲਡਰ ਵੈਸ਼ਨਵੀ ਫਾਲਕੇ ਨੇ ਆਪਣੀ ਸੀਨੀਅਰ ਟੀਮ ‘ਚ ਸ਼ੁਰੂਆਤ ਕੀਤੀ। ਇੰਡੀਆ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ ਕੁਆਰਟਰ ‘ਚ ਹੀ ਲੀਡ ਲੈ ਲਈ ਜਦੋਂ ਰਾਣੀ ਨੇ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲ ਦਿੱਤਾ। ਦੂਜੇ ਕੁਆਰਟਰ ‘ਚ ਭਾਰਤੀ ਟੀਮ ਜ਼ਿਆਦਾ ਖ਼ਤਰਨਾਕ ਨਜ਼ਰ ਆਈ ਅਤੇ ਮੋਨਿਕਾ ਨੇ 20ਵੇਂ ਮਿੰਟ ‘ਚ ਗੋਲ ਕੀਤਾ। ਚਾਰ ਮਿੰਟ ਬਾਅਦ ਨਵਨੀਤ ਨੇ ਗੋਲ ਕਰਕੇ ਇੰਡੀਆ ਦੀ ਬੜ੍ਹਤ ਨੂੰ ਤਿੰਨ ਗੁਣਾ ਕਰ ਦਿੱਤਾ। ਇਸ ਤੋਂ ਇਕ ਮਿੰਟ ਬਾਅਦ ਗੁਰਜੀਤ ਨੇ ਪੈਨਲਟੀ ਸਟਰੋਕ ‘ਤੇ ਗੋਲ ਕੀਤਾ। ਹਾਫ ਟਾਈਮ ਤੋਂ ਠੀਕ ਪਹਿਲਾਂ ਸੰਗੀਤਾ ਨੇ ਗੋਲ ਕੀਤਾ।