ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਹਾਥ ਸੇ ਹਾਥ ਜੋੜੋ’ ਮੁਹਿੰਮ ਤਹਿਤ ਪੰਜ ਜ਼ਿਲ੍ਹਿਆਂ ਦੇ ਆਗੂਆਂ ਦੀ ਮੀਟਿੰਗ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ‘ਤੇ ਵੀ ਸਵਾਲ ਖੜ੍ਹੇ ਕੀਤੇ ਭਾਜਪਾ ਜਾਣ ਵਾਲੇ ਕਾਂਗਰਸੀ ਆਗੂਆਂ ਨੂੰ ਬਿਨਾਂ ਆਵਾਜ਼ ਵਾਲੇ ਛੈਣੇ ਦੱਸਿਆ। ਰਾਜਾ ਵੜਿੰਗ ਨੇ ਦੱਸਿਆ ਕਿ ‘ਹਾਥ ਸੇ ਹਾਥ ਜੋੜੋ’ ਮੁਹਿੰਮ ਤਹਿਤ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ। ਵੜਿੰਗ ਨੇ ਕੇਂਦਰੀ ਸਿਹਤ ਮੰਤਰੀ ਵੱਲੋਂ ਕੇਂਦਰ ਦੇ ਸਿਹਤ ਫੰਡ ਦੀ ਵਰਤੋਂ ਦੇ ਸਵਾਲ ‘ਤੇ ਕਿਹਾ ਕਿ ਲੋਕਾਂ ਦਾ ਪੈਸਾ ਹੈ ਅਤੇ ਇਹ ਸਹੀ ਅਰਥਾਂ ‘ਚ ਲੋਕਾਂ ‘ਤੇ ਲੱਗਣਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਪੰਜਾਬ ‘ਚ ਚੱਲ ਰਹੇ ਚਿੱਠੀ ਵਿਵਾਦ ‘ਤੇ ਦੋਹਾਂ ਧਿਰਾਂ ਨੂੰ ਘੇਰਦੇ ਕਿਹਾ ਕਿ ਜੇਕਰ ਦੋਹਾਂ ਧਿਰਾਂ ‘ਚ ਸਹਿਮਤੀ ਨਹੀਂ ਹੁੰਦੀ ਤਾਂ ਉਹ ਦੋਹਾਂ ਦੇ ਕਹਿਣ ‘ਤੇ ਸਮਝੌਤਾ ਕਰਵਾਉਣ ਚਲੇ ਜਾਂਦੇ। ਇਸ ਦੌਰਾਨ ਉਨ੍ਹਾਂ ਕਾਂਗਰਸੀਆਂ ਦੇ ਭਾਜਪਾ ‘ਚ ਜਾਣ ‘ਤੇ ਕਿਹਾ ਕੀ ਉਹ ਅਜਿਹੇ ਛੈਣੇ ਸਨ, ਜਿਨ੍ਹਾਂ ਦੀ ਆਵਾਜ਼ ਨਹੀਂ ਸੀ। ਰਾਜਾ ਵੜਿੰਗ ਨੇ ਗੈਂਗਸਟਰ ਤੋਂ ਆ ਰਹੀਆਂ ਫਿਰੌਤੀ ਫੋਨ ਕਾਲ ਸਬੰਧੀ ਵੀ ਸਰਕਾਰ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ। ਉਨ੍ਹਾਂ ਸ਼ਾਮ ਸੁੰਦਰ ਅਰੋੜਾ ਦੇ ਘਰ ਵਿਜ਼ੀਲੈਂਸ ਰੇਡ ‘ਤੇ ਕਿਹਾ ਸ਼ੁਕਰ ਕਰੋ ਉਹ ਅਲਾਦੀਨ ਦਾ ਚਿਰਾਗ ਭਾਜਪਾ ‘ਚ ਚਲਾ ਗਿਆ ਨਹੀਂ ਤਾਂ ਉਹ ਵੀ ਸਾਡੇ ਨਾਂ ਲੱਗਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਸੀਟਾਂ ਤੋਂ ਚੋਣ ਲੜ ਰਹੇ ਆਗੂ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ‘ਚ ਚਲੇ ਗਏ ਹਨ। ਹੁਣ ਉਨ੍ਹਾਂ ਸੀਟਾਂ ‘ਤੇ ਸਿਰਫ਼ ਨੌਜਵਾਨਾਂ ਨੂੰ ਹੀ ਚੋਣ ਲੜਨ ਦਾ ਮੌਕਾ ਦਿੱਤਾ ਜਾਵੇਗਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਪਾਰਟੀ ਅੱਗੇ ਜ਼ਰੂਰ ਲੈ ਕੇ ਆਵੇਗੀ।