ਅਮਰੀਕਾ ‘ਚ ਸੱਤਾਧਿਰ ਡੈਮੋਕ੍ਰੇਟਿਵ ਪਾਰਟੀ ਦੇ ਚਾਰ ਭਾਰਤੀ-ਅਮਰੀਕਨ ਨੇਤਾ ਅਮਰੀਕਨ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਅਤੇ ਕਈ ਹੋਰਨਾਂ ਨੇ ਦੇਸ਼ ਭਰ ‘ਚ ਮੱਧ ਮਿਆਦ ਦੀਆਂ ਚੋਣਾਂ ‘ਚ ਸੂਬਾਈ ਵਿਧਾਨ ਮੰਡਲਾਂ ਲਈ ਜਿੱਤ ਹਾਸਲ ਕੀਤੀ। ਅਮਰੀਕਨ ਹਾਊਸ ਆਫ ਰਿਪਰਜ਼ੈਂਟੇਟਿਵ ਦੀ ਸ੍ਰੀ ਥਾਣੇਦਾਰ ਅਤੇ ਪ੍ਰਮਿਲਾ ਜੈਪਾਲ ਤੋਂ ਇਲਾਵਾ ਭਾਰਤੀ ਮੂਲ ਦੇ ਰਾਜਾ ਕ੍ਰਿਸ਼ਨਮੂਰਤੀ ਅਤੇ ਰੋ ਖੰਨਾ ਵੀ ਚੋਣ ਜਿੱਤੇ ਹਨ। ਭਾਰਤੀ-ਅਮਰੀਕਨ ਉੱਦਮੀ ਤੋਂ ਨੇਤਾ ਬਣੇ ਅਤੇ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਸ੍ਰੀ ਥਾਣੇਦਾਰ ਰਿਪਬਲੀਕਨ ਪਾਰਟੀ ਉਮੀਦਵਾਰ ਮਾਰਟੇਲ ਬਿਵਿੰਗਸ ਨੂੰ ਮਾਤ ਦਿੰਦੇ ਹੋਏ ਮਿਸ਼ੀਗਨ ਤੋਂ ਕਾਂਗਰਸ (ਸੰਸਦ) ਦਾ ਚੋਣ ਜਿੱਤਣ ਵਾਲੇ ਪਹਿਲੇ ਭਾਰਤੀ-ਅਮਰੀਕਨ ਬਣੇ। ਥਾਨੇਦਾਰ (67 ਸਾਲ) ਮੌਜੂਦਾ ਸਮੇਂ ‘ਚ ਮਿਸ਼ੀਗਨ ਹਾਊਸ ‘ਚ ਤੀਸਰੇ ਜ਼ਿਲ੍ਹੇ ਦੀ ਅਗਵਾਈ ਕਰਦੇ ਹਨ। ਇਲੀਨਾਈਸ ਦੇ 8ਵੇਂ ਕਾਂਗਰਸ ਜ਼ਿਲੇ ‘ਚ 49 ਸਾਲਾ ਰਾਜਾ ਕ੍ਰਿਸ਼ਨਮੂਰਤੀ ਲਗਾਤਾਰ ਚੌਥੇ ਕਾਰਜਕਾਲ ਲਈ ਫਿਰ ਤੋਂ ਚੁਣੇ ਗਏ। ਉਨ੍ਹਾਂ ਨੇ ਰਿਪਬਲੀਕਨ ਪਾਰਟੀ ਉਮੀਦਵਾਰ ਕ੍ਰਿਸ ਡਾਰਗਿਸ ਨੂੰ ਹਰਾਇਆ। ਸਿਲੀਕਾਨ ਵੈਲੀ ‘ਚ ਭਾਰਤੀ-ਅਮਰੀਕਨ ਰੋ ਖੰਨਾ (46) ਨੇ ਕੈਲੀਫੋਰਨੀਆ ਦੇ 17ਵੇਂ ਕਾਂਗਰਸ ਜ਼ਿਲੇ ‘ਚ ਰਿਪਬਲੀਕਨ ਪਾਰਟੀ ਉਮੀਦਵਾਰ ਰਿਤੇਸ਼ ਟੰਡਨ ਨੂੰ ਹਰਾਇਆ। ਪ੍ਰਤੀਨਿਧੀ ਸਭਾ ‘ਚ ਇਕਮਾਤਰ ਭਾਰਤੀ-ਅਮਰੀਕਨ ਮਹਿਲਾ ਸੰਸਦ ਮੈਂਬਰ ਚੇਨਈ ‘ਚ ਜਨਮੀ ਪ੍ਰਮਿਲਾ ਜੈਪਾਲ ਨੇ ਵਾਸ਼ਿੰਗਟਨ ਸੂਬੇ ਦੇ 7ਵੇਂ ਕਾਂਗਰਸ ਜ਼ਿਲੇ ‘ਚ ਆਪਣੇ ਮੁਕਾਬਲੇਬਾਜ਼ ਕਲਿਫ ਮੂਨ ਨੂੰ ਹਰਾਇਆ। ਖੰਨਾ, ਕ੍ਰਿਸ਼ਨਮੂਰਤੀ ਅਤੇ ਜੈਪਾਲ ਲਗਾਤਾਰ ਚੌਥੇ ਕਾਰਜਕਾਲ ਲਈ ਚੋਣਾਂ ਲੜ ਰਹੇ ਸਨ।