ਨੋਟਬੰਦੀ ਕਰਕੇ ਪਹਿਲਾਂ ਹੀ ਵੱਡੀ ਮੁਸ਼ਕਿਲ ਝੱਲ ਚੁੱਕੇ ਇੰਡੀਅਨ ਲੋਕਾਂ ਨੂੰ ਇਕ ਵਾਰ ਫਿਰ ਕੁਝ ਔਖ ਝੱਲਣੀ ਪੈ ਸਕਦੀ ਹੈ ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਬੈਂਕਾਂ ਤੋਂ ਬਦਲਾਉਣ ਜਾਂ ਜਮ੍ਹਾਂ ਕਰਵਾਉਣ ਲਈ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਨਵੰਬਰ 2016 ‘ਚ ਕੀਤੀ ਨੋਟਬੰਦੀ, ਜਦੋਂ ਪੰਜ ਸੌ ਤੇ 1000 ਰੁਪਏ ਦੇ ਨੋਟ ਅੱਧੀ ਰਾਤ ਤੋਂ ਬੰਦ ਕਰ ਦਿੱਤੇ ਗਏ ਸਨ, ਦੇ ਉਲਟ 2000 ਰੁਪਏ ਦਾ ਨੋਟ 30 ਸਤੰਬਰ ਤੱਕ ਕਾਨੂੰਨੀ ਰੂਪ ‘ਚ ਵੈਧ ਰਹੇਗਾ। ਆਰ.ਬੀ.ਆਈ. ਨੇ ਇਕ ਬਿਆਨ ‘ਚ ਕਿਹਾ ਕਿ ਉਸ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਤੋਂ 2000 ਰੁਪਏ ਦੇ ਕਰੰਸੀ ਨੋਟ ਜਾਰੀ ਕਰਨ ਤੋਂ ਰੋਕ ਦਿੱਤਾ ਹੈ। ਕੇਂਦਰੀ ਬੈਂਕ ਨੇ ਦੋ ਹਜ਼ਾਰ ਰੁਪਏ ਦੇ ਕਰੰਸੀ ਨੋਟ ਬੈਂਕ ਖਾਤਿਆਂ ‘ਚ ਜਮ੍ਹਾਂ ਕਰਵਾਉਣ ਬਾਰੇ ਹੱਦ ਨਿਰਧਾਰਤ ਨਹੀਂ ਕੀਤੀ, ਪਰ ਜੇਕਰ ਨੋਟ ਵਟਾਉਣੇ ਹਨ ਤਾਂ ਇਕ ਸਮੇਂ ਵੱਧ ਤੋਂ ਵੱਧ 20 ਹਜ਼ਾਰ ਰੁਪਏ ਹੀ ਬਦਲਣ ਦੀ ਖੁੱਲ੍ਹ ਰਹੇਗੀ। ਆਰ.ਬੀ.ਆਈ. ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ ਜਦੋਂ ਕਾਲੇ ਧਨ ਨੂੰ ਜਮ੍ਹਾਂ ਕਰਨ ਲਈ ਸਭ ਤੋਂ ਉੱਚੇ ਮੁੱਲ ਦੇ ਨੋਟਾਂ ਦੀ ਵਰਤੋਂ ਫਿਕਰਮੰਦੀ ਦਾ ਵਿਸ਼ਾ ਬਣਿਆ ਹੋਇਆ ਸੀ। ਕੇਂਦਰੀ ਬੈਂਕ ਨੇ ਸਾਲ 2018-19 ‘ਚ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ ਤੇ ਮਾਰਕੀਟ ‘ਚ ਪੁਰਾਣੀ ਕਰੰਸੀ ਹੀ ਚੱਲ ਰਹੀ ਸੀ। ਮੋਦੀ ਸਰਕਾਰ ਨੇ ਦੋ ਹਜ਼ਾਰ ਰੁਪਏ ਦਾ ਕਰੰਸੀ ਨੋਟ ਨਵੰਬਰ 2016 ‘ਚ ਬਾਜ਼ਾਰ ‘ਚ ਲਿਆਂਦਾ ਸੀ ਤੇ ਉਦੋਂ ਇਸ ਪੇਸ਼ਕਦਮੀ ਦਾ ਮੁੱਖ ਮੰਤਵ 500 ਤੇ 1000 ਰੁਪਏ ਦੇ ਬੰਦ ਕੀਤੇ ਨੋਟਾਂ ਦੇ ਮੱਦੇਨਜ਼ਰ ਅਰਥਚਾਰੇ ਦੀਆਂ ਕਰੰਸੀ ਲੋੜਾਂ ਨੂੰ ਪੂਰਾ ਕਰਨਾ ਸੀ। ਆਰ.ਬੀ.ਆਈ. ਨੇ ਕਿਹਾ ਕਿ ਉਸ ਦੇ ਧਿਆਨ ‘ਚ ਆਇਆ ਹੈ ਕਿ 2000 ਰੁਪਏ ਦਾ ਕਰੰਸੀ ਨੋਟ ਆਮ ਕਰਕੇ ਲੈਣ-ਦੇਣ ਲਈ ਨਹੀਂ ਵਰਤਿਆ ਜਾਂਦਾ ਅਤੇ ਹੋਰਨਾਂ ਮੁੱਲਾਂ ਵਾਲੇ ਕਰੰਸੀ ਨੋਟਾਂ ਦਾ ਸਟਾਕ ਲੋਕਾਂ ਦੀ ਕਰੰਸੀ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਹੈ।