ਇੰਡੀਆ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀ.ਸੀ.ਸੀ.ਆਈ. ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਦਾ ਕਾਰਜਕਾਲ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਗਾਂਗੁਲੀ ਇਸ ਅਹੁਦੇ ‘ਤੇ ਬਣੇ ਰਹਿਣ ਲਈ ਤਿਆਰ ਨਹੀਂ ਹਨ। ਅਜਿਹੇ ‘ਚ ਬੀ.ਸੀ.ਸੀ.ਆਈ. ਵਲੋਂ ਹੋਣ ਵਾਲੀ ਬੈਠਕ ਦੌਰਾਨ ਨਵਾਂ ਪ੍ਰਧਾਨ ਚੁਣਨ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਖ਼ਬਰ ਹੈ ਕਿ ਬੀ.ਸੀ.ਸੀ.ਆਈ. ਸਾਬਕਾ ਭਾਰਤੀ ਕ੍ਰਿਕਟਰ ਅਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ ਨੂੰ ਪ੍ਰਧਾਨ ਬਣਾ ਸਕਦਾ ਹੈ। ਬਿੰਨੀ ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਦੀ ਚੋਣ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ। ਸਾਬਕਾ ਤੇਜ਼ ਗੇਂਦਬਾਜ਼ ਰੋਜਰ ਬਿੰਨੀ ਨੂੰ ਬੀ.ਸੀ.ਸੀ.ਆਈ. ਪ੍ਰਧਾਨ ਵਜੋਂ ਗਾਂਗੁਲੀ ਦੀ ਥਾਂ ਲੈਣ ਲਈ ਸਭ ਤੋਂ ਅੱਗੇ ਦੇਖਿਆ ਜਾ ਰਿਹਾ ਹੈ। ਜੈ ਸ਼ਾਹ ਦੇ ਬੀ.ਸੀ.ਸੀ.ਆਈ. ਸਕੱਤਰ ਬਣੇ ਰਹਿਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਸੌਰਵ ਗਾਂਗੁਲੀ ਦੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਲਈ ਭਾਰਤ ਦੇ ਪ੍ਰਤੀਨਿਧੀ ਬਣਨ ਦੀ ਸੰਭਾਵਨਾ ਹੈ। 11 ਅਤੇ 12 ਅਕਤੂਬਰ ਨੂੰ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ, ਨਾਮਜ਼ਦਗੀਆਂ ਦੀ ਪੜਤਾਲ 13 ਅਕਤੂਬਰ ਨੂੰ ਹੋਵੇਗੀ ਅਤੇ ਉਮੀਦਵਾਰ 14 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। 18 ਅਕਤੂਬਰ ਨੂੰ ਇਸ ਸਬੰਧੀ ਚੋਣਾਂ ਹੋਣੀਆਂ ਹਨ।