ਇੰਡੀਆ ਦੀ ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ (67) ਨੂੰ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦਾ 36ਵਾਂ ਪ੍ਰਧਾਨ ਚੁਣਿਆ ਗਿਆ ਹੈ। ਉਹ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਥਾਂ ਲੈ ਕੇ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੇ ਮੁਖੀ ਹੋਣਗੇ। ਉਧਰ ਜਨਰਲ ਬਾਡੀ ਨੇ ਪਹਿਲੇ ਮਹਿਲਾ ਆਈ.ਪੀ.ਐਲ. ਟੂਰਨਾਮੈਂਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਬੀ.ਸੀ.ਸੀ.ਆਈ. ਦੀ ਸਾਲਾਨਾ ਆਮ ਬੈਠਕ ‘ਚ ਬਿੰਨੀ ਨੂੰ ਬਿਨਾਂ ਮੁਕਾਬਲਾ ਜੇਤੂ ਚੁਣਿਆ ਗਿਆ। ਇਸੇ ਤਰ੍ਹਾਂ ਜੈ ਸ਼ਾਹ ਨੂੰ ਲਗਾਤਾਰ ਦੂਜੀ ਵਾਰ ਸਕੱਤਰ ਚੁਣਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਬਿਨਾਂ ਮੁਕਾਬਲਾ ਚੁਣੇ ਗਏ ਹੋਰ ਅਹੁਦੇਦਾਰਾਂ ‘ਚ ਖ਼ਜ਼ਾਨਚੀ ਆਸ਼ੀਸ਼ ਸ਼ੈਲਾਰ, ਮੀਤ ਪ੍ਰਧਾਨ ਰਾਜੀਵ ਸ਼ੁਕਲਾ ਤੇ ਸੰਯੁਕਤ ਸਕੱਤਰ ਦੇਵਜੀਤ ਸੈਕੀਆ ਸ਼ਾਮਲ ਹਨ। ਭਾਰਤ ਲਈ 27 ਟੈਸਟ ਅਤੇ 72 ਇਕ ਰੋਜ਼ਾ ਮੈਚ ਖੇਡ ਚੁੱਕੇ ਬਿੰਨੀ ਅਗਲੇ ਸਾਲ ਇੰਡੀਆ ‘ਚ ਹੋਣ ਵਾਲੇ ਇਕ ਰੋਜ਼ਾ ਕੌਮਾਂਤਰੀ ਵਰਲਡ ਕੱਪ ਤੋਂ ਪਹਿਲਾਂ ਅਹੁਦਾ ਸੰਭਾਲ ਰਹੇ ਹਨ। ਮੀਟਿੰਗ ਦੌਰਾਨ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਚੇਅਰਮੈਨ ਦੀ ਚੋਣ ਸਬੰਧੀ ਕੋਈ ਚਰਚਾ ਨਹੀਂ ਹੋਈ। ਅਗਲੇ ਮਹੀਨੇ ਮੈਲਬਰਨ ‘ਚ ਹੋਣ ਵਾਲੀ ਬੋਰਡ ਮੀਟਿੰਗ ਦੌਰਾਨ ਅਗਲੇ ਆਈ.ਸੀ.ਸੀ. ਚੇਅਰਮੈਨ ਦੀ ਚੋਣ ਕੀਤੀ ਜਾਵੇਗੀ।