ਡਰੱਗ ਮਾਮਲੇ ‘ਚ ਚਰਚਿਤ ਹੋਏ ਬਰਖਾਸਤ ਏ.ਆਈ.ਜੀ. ਰਾਜਜੀਤ ਸਿੰਘ ਖ਼ਿਲਾਫ਼ ਪੰਜਾਬ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਐੱਸ.ਟੀ.ਐੱਫ. ਨੂੰ ਬਰਖਾਸਤ ਪੁਲੀਸ ਅਧਿਕਾਰੀ ਰਾਜਜੀਤ ਸਿੰਘ ਦਾ ਥਹੁ-ਪਤਾ ਲਗਾਉਣ ‘ਚ ਕੋਈ ਵੀ ਕਾਮਯਾਬੀ ਨਹੀਂ ਮਿਲੀ ਹੈ। ਸਾਬਕਾ ਐੱਸ.ਐੱਸ.ਪੀ. ਦੀ ਤਲਾਸ਼ ‘ਚ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ‘ਚ ਪੁਲੀਸ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇ ਮਾਰੇ ਗਏ ਪਰ ਰਾਜਜੀਤ ਸਿੰਘ ਦੇ ਰੂਪੋਸ਼ ਰਹਿਣ ਕਰਕੇ ਕੋਈ ਵੀ ਪੁਖ਼ਤਾ ਜਾਣਕਾਰੀ ਹੱਥ ਨਹੀਂ ਲੱਗੀ ਹੈ। ਐੱਸ.ਟੀ.ਐੱਫ. ਨੇ ਮੁਹਾਲੀ ਦੀ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਬਾਅਦ ਰਾਜਜੀਤ ਨੂੰ ਅਦਾਲਤ ‘ਚ ਭਗੌੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਰਾਜਜੀਤ ਸਿੰਘ ਐੱਸ.ਐੱਚ.ਓ. ਤੋਂ ਲੈ ਕੇ ਜ਼ਿਲ੍ਹਾ ਪੁਲੀਸ ਮੁਖੀ ਦੇ ਅਹੁਦੇ ਤੱਕ ਰਿਹਾ ਹੈ ਅਤੇ ਪੁਲੀਸ ਤੋਂ ਕਿਵੇਂ ਬਚਾਅ ਕਰਨਾ ਹੈ, ਇਸ ਗੱਲ ਬਾਰੇ ਉਸ ਨੂੰ ਪੂਰੀ ਜਾਣਕਾਰੀ ਹੈ। ਇਹੀ ਕਾਰਨ ਹੈ ਕਿ ਰਾਜਜੀਤ ਸਿੰਘ ਨੂੰ ਜਦੋਂ ਐੱਸ.ਟੀ.ਐੱਫ. ਨੇ ਨਾਮਜ਼ਦ ਕੀਤਾ ਸੀ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਹੀ ਮੋਬਾਈਲ ਫੋਨ ਬੰਦ ਹੋ ਗਏ ਸਨ। ਪੰਜਾਬ ਦੇ ਗ੍ਰਹਿ ਵਿਭਾਗ ਨੇ ਪੰਜਾਬ ਪੁਲੀਸ ਦੇ ਵਿਵਾਦਿਤ ਅਧਿਕਾਰੀ ਰਾਜਜੀਤ ਸਿੰਘ ਨੂੰ 17 ਅਪ੍ਰੈਲ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕਰਦਿਆਂ ਨਸ਼ਾ ਤਸਕਰੀ ਦੇ ਮਾਮਲੇ ‘ਚ ਨਾਮਜ਼ਦ ਕਰਨ ਦੇ ਹੁਕਮ ਦਿੱਤੇ ਸਨ। ਐੱਸ.ਟੀ.ਐੱਫ. ਨੇ ਇਨ੍ਹਾਂ ਹੁਕਮਾਂ ‘ਤੇ ਕਾਰਵਾਈ ਕਰਦਿਆਂ ਅਗਲੇ ਹੀ ਦਿਨ ਬਰਖਾਸਤ ਪੁਲੀਸ ਅਧਿਕਾਰੀ ਨੂੰ ਧਾਰਾ 120 ਬੀ, 218 ਅਤੇ 384 ਸਮੇਤ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 59 ਅਤੇ 39 ਤਹਿਤ ਨਾਮਜ਼ਦ ਕੀਤਾ ਸੀ। ਇਹ ਧਾਰਾਵਾਂ ਸੇਵਾਮੁਕਤ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਵੱਲੋਂ ਆਪਣੀਆਂ ਰਿਪੋਰਟਾਂ ‘ਚ ਉਠਾਏ ਗਏ ਨੁਕਤਿਆਂ ਦੇ ਆਧਾਰ ‘ਤੇ ਲਾਈਆਂ ਗਈਆਂ ਹਨ। ਰਾਜਜੀਤ ਸਿੰਘ ਨੂੰ ਐੱਸ.ਟੀ.ਐੱਫ. ਦੇ ਤਤਕਾਲੀ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਇੰਸਪੈਕਟਰ (ਬਰਖਾਸਤ) ਇੰਦਰਜੀਤ ਸਿੰਘ ਵਿਰੁੱਧ ਨਸ਼ਿਆਂ ਦੀ ਤਸਕਰੀ ਦੇ ਦਰਜ ਮਾਮਲੇ ‘ਚ ਵੀ ਨਾਮਜ਼ਦ ਕੀਤਾ ਗਿਆ ਹੈ।