ਇਕ ਵਾਰ ਫਿਰ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇਡ਼ਛਾਡ਼ ਕਰਨ ਅਤੇ ਉਸ ’ਤੇ ਕੁਝ ਇਤਰਾਜ਼ ਯੋਗ ਸਤਰਾਂ ਤੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਘਟਨਾ ਰਿਚਮੰਡ ਹਿੱਲ ਦੇ ਹਿੰਦੂ ਮੰਦਰ ਦੇ ਬਾਹਰ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਨਾਲ ਵਾਪਰੀ। ਇਸ ਥਾਂ ਮਹਾਤਮਾ ਗਾਂਧੀ ਦਾ ਪੰਜ ਮੀਟਰ ਵੱਡਾ ਬੁੱਤ ਸਥਾਪਤ ਹੈ। ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਦੁਪਹਿਰ ਕਰੀਬ 12.30 ਵਜੇ ਵਾਪਰੀ। ਟੋਰਾਂਟੋ ਸਥਿਤ ਇੰਡੀਆ ਦੇ ਕੌਂਸਲੇਟ ਜਨਰਲ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਕੌਂਸਲੇਟ ਜਨਰਲ ਨੇ ਟਵੀਟ ਕੀਤਾ ਕਿ ਰਿਚਮੰਡ ਹਿੱਲ ਦੇ ਵਿਸ਼ਨੂੰ ਮੰਦਰ ’ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋਡ਼ੇ ਜਾਣ ਤੋਂ ਅਸੀਂ ਦੁਖੀ ਹਾਂ। ਇਸ ਅਪਰਾਧਿਕ, ਘਿਨਾਉਣੇ ਕਾਰੇ ਨੇ ਕੈਨੇਡਾ ’ਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਯੌਰਕ ਖੇਤਰੀ ਪੁਲੀਸ ਦੇ ਅਨੁਸਾਰ ਯੌਂਗੇ ਸਟ੍ਰੀਟ ਅਤੇ ਗਾਰਡਨ ਐਵੇਨਿਊ ਖੇਤਰ ’ਚ ਵਿਸ਼ਨੂੰ ਮੰਦਰ ’ਚ ਮਹਾਤਮਾ ਗਾਂਧੀ ਦੇ ਪੰਜ ਮੀਟਰ ਉੱਚੇ ਬੁੱਤ ਦੀ ਭੰਨਤੋਡ਼ ਕੀਤੀ ਗਈ। ਦੱਸਿਆ ਗਿਆ ਹੈ ਕਿ ਬੁੱਤ ’ਤੇ ‘ਖਾਲਿਸਤਾਨ’ ਸਮੇਤ ਹੋਰ ਇਤਰਾਜ਼ਯੋਗ ਸ਼ਬਦ ਲਿਖੇ ਗਏ ਹਨ। ਪੁਲੀਸ ਨੇ ਕਿਹਾ ਕਿ ਉਹ ਇਸ ਨੂੰ ‘ਨਫ਼ਰਤ ਪੱਖਪਾਤ ਤੋਂ ਪ੍ਰੇਰਿਤ ਘਟਨਾ’ ਮੰਨਦੇ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੋਸ਼ੀਆਂ ਨੂੰ ਫਡ਼ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਥਾਨਕ ਪੁਲੀਸ ਵੱਲੋਂ ਇਸ ਨੂੰ ਨਫ਼ਰਤੀ ਅਪਰਾਧ ਵੀ ਕਿਹਾ ਗਿਆ ਹੈ, ਜੋ ਕਿ ਗਲਤ ਭਾਵਨਾ ਨਾਲ ਕੀਤਾ ਗਿਆ ਸੀ। ਯੌਰਕ ਰੀਜਨਲ ਪੁਲੀਸ ਦੇ ਬੁਲਾਰੇ ਕਾਂਸਟੇਬਲ ਐਮੀ ਬੋਂਡਰੇਉ ਨੇ ਕਿਹਾ ਕਿ ਕਿਸੇ ਨੇ ਬੁੱਤ ਉੱਤੇ ‘ਰੇਪਿਸਟ’ ਅਤੇ ‘ਖਾਲਿਸਤਾਨ’ ਵਰਗੇ ਸ਼ਬਦ ਲਿਖ ਕੇ ਇਸ ਨੂੰ ਵਿਗਾਡ਼ ਦਿੱਤਾ ਹੈ। ਯਾਰਕ ਪੁਲੀਸ ਨਫ਼ਰਤੀ ਅਪਰਾਧ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰੇਗੀ।