ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੂਬਾ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਫਾਇਲ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਮਾਡਰਨ ਸਕੂਲ ਬਾਰਾਖੰਬਾ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਵਰਗੀਆਂ ਵਿਸ਼ਵ ਪ੍ਰਸਿੱਧ ਸਿੱਖਿਆ ਸੰਸਥਾਵਾਂ ਤੋਂ ਪਡ਼੍ਹੇ ਰਾਘਵ ਚੱਢਾ ਪੇਸ਼ੇ ਪੱਖੋਂ ਚਾਰਟਰਡ ਅਕਾਊਂਟੈਂਟ ਹਨ। ਉਨ੍ਹਾਂ ਕੋਲ ਵਿਸ਼ਵ ਦੀਆਂ ਕਈ ਵੱਡੀਆਂ ਕਾਰਪੋਰੇਟ ਫਰਮਾਂ ’ਚ ਕੰਮ ਕਰਨ ਦਾ ਤਜ਼ਰਬਾ ਵੀ ਹੈ। ਦੱਸਣਯੋਗ ਹੈ ਕਿ ਰਾਘਵ ਚੱਢਾ ਨੇ ਦਿੱਲੀ ’ਚ ਆਮ ਆਦਮੀ ਪਾਰਟੀ ਸਰਕਾਰ ਵਿੱਚ ਵਿੱਤ ਮੰਤਰੀ ਮਨੀਸ਼ ਸਿਸੋਦੀਆ ਦੇ ਵਿੱਤ ਸਲਾਹਕਾਰ ਵਜੋਂ ਵੀ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦਿੱਲੀ ਵਿਧਾਨ ਸਭਾ ਲਈ ਰਾਜਿੰਦਰ ਨਗਰ ਹਲਕੇ ਤੋਂ ਚੋਣ ਲਡ਼ੀ ਸੀ ਪਰ ਹਾਰ ਗਏ ਸਨ। ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਏ ਜਾਣ ਤੋਂ ਪਹਿਲਾਂ ਹੀ ਇਸ ਸਬੰਧੀ ਚਰਚਾ ਗਰਮਾ ਗਈ ਸੀ। ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਦੀ ਸ਼ਕਤੀਆਂ ਦੇਣ ਲਈ ਰਾਘਵ ਚੱਢਾ ਨੂੰ ਕਮੇਟੀ ਦਾ ਗਠਨ ਕਰਕੇ ਚੇਅਰਮੈਨ ਲਾਇਆ ਜਾ ਰਿਹਾ ਹੈ। ਕਿਸੇ ਹੱਦ ਤੱਕ ਇਹ ਚਰਚਾ ਅੱਜ ਸੱਚ ਸਾਬਤ ਹੋਈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਕਮੇਟੀ ਦੇ ਚੇਅਰਮੈਨ ਵਜੋਂ ਕਿਵੇਂ ਕੰਮ ਕਰਦੇ ਹਨ। ਕਿਹਾ ਜਾ ਰਿਹਾ ਸੀ ਕਿ ਰਾਜ ਸਭਾ ਮੈਂਬਰ ਬਣ ਕੇ ਅਤੇ ਚੰਡੀਗਡ਼੍ਹ ’ਚ ਸਰਕਾਰੀ ਰਿਹਾਇਸ਼ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਦੇ ਸਰਕਾਰੀ ਤੇ ਪ੍ਰਸ਼ਾਸਨਿਕ ਕੰਮਾਂ ’ਚ ਦਖ਼ਲ ਸਮੇਂ ਦਿੱਕਤ ਪੇਸ਼ ਆਉਂਦੀ ਸੀ। ਉਹ ਉੱਚ ਅਧਿਕਾਰੀਆਂ ਨੂੰ ਸੱਦ ਕੇ ਮੀਟਿੰਗ ਕਰਦੇ ਜਾਂ ਹਦਾਇਤਾਂ ਦਿੰਦੇ ਸਨ ਤਾਂ ਉਸ ’ਤੇ ਇਤਰਾਜ਼ ਉੱਠਦਾ ਸੀ ਤੇ ਵਿਰੋਧੀ ਸਵਾਲ ਕਰਦੇ ਸਨ। ਹੁਣ ਉਹ ਇਸ ਕਮੇਟੀ ਦੇ ਚੇਅਰਮੈਨ ਵਜੋਂ ਕਾਫੀ ਹੱਦ ਤੱਕ ਦਖ਼ਲ ਦੇ ਸਕਣਗੇ।