ਟੀ-20 ਵਰਲਡ ਕੱਪ 2022 ਦੀ ਮੇਜ਼ਬਾਨੀ ਕਰ ਰਹੇ ਆਸਟਰੇਲੀਆ ਦੇ ਸਾਬਕਾ ਕ੍ਰਿਕਟ ਟੀਮ ਕਪਤਾਨ ਰਿਕੀ ਪੋਂਟਿੰਗ ਨੇ ਉਮੀਦ ਜਤਾਈ ਹੈ ਕਿ ਇੰਡੀਆ ਵਰਲਡ ਕੱਪ ਦੇ ਫਾਈਨਲ ‘ਚ ਪਿਛਲੇ ਚੈਂਪੀਅਨ ਆਸਟਰੇਲੀਆ ਨਾਲ ਮੇਲਬੋਰਨ ਕ੍ਰਿਕਟ ਮੈਦਾਨ ‘ਤੇ ਭਿੜੇਗਾ। 13 ਨਵੰਬਰ ਦਿਨ ਐਤਵਾਰ ਨੂੰ ਖੇਡੇ ਜਾਣ ਵਾਲੇ ਇਸ ਮੈਚ ਨੂੰ ਹੁਣੇ 10 ਦਿਨ ਬਾਕੀ ਹਨ। ਸੁਪਰ-12 ਪੜਾਅ ਖ਼ਤਮ ਹੋਣ ਦੇ ਨਾਲ ਆਸਟਰੇਲੀਆ ਅਜੇ ਵੀ ਆਪਣੀ ਕਿਸਮਤ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਕਿ ਇੰਡੀਆ ਨੂੰ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਦਾ ਭਰੋਸਾ ਹੈ। ਆਸਟਰੇਲੀਆ ਦੀ ਕਿਸਮਤ ਉਨ੍ਹਾਂ ਦੇ ਹੱਥਾਂ ‘ਚ ਹੈ। ਉਨ੍ਹਾਂ ਨੂੰ ਅਫਗਾਨਿਸਤਾਨ ਦੇ ਖ਼ਿਲਾਫ਼ ਸਿਰਫ ਜਿੱਤਣਾ ਹੀ ਨਹੀਂ ਹੈ, ਸਗੋਂ ਵੱਡੀ ਜਿੱਤ ਵੀ ਹਾਸਲ ਕਰਨੀ ਹੋਵੇਗੀ। ਪੋਂਟਿੰਗ ਨੇ ਆਈ.ਸੀ.ਸੀ. ਦੇ ਕਾਲਮ ‘ਚ ਲਿਖਿਆ, ‘ਇਮਾਨਦਾਰੀ ਨਾਲ, ਕੌਣ ਜਾਣਦਾ ਹੈ ਕਿ ਮੈਲਬੋਰਨ ‘ਚ ਫਾਈਨਲ ਕੌਣ ਖੇਡਣ ਜਾ ਰਿਹਾ ਹੈ। ਮੈਨੂੰ ਉਮੀਦ ਹੈ ਕਿ ਆਸਟਰੇਲੀਆ ਅੱਗੇ ਜਾਣ ਦਾ ਰਸਤਾ ਲੱਭ ਲਵੇਗਾ। ਦੱਖਣੀ ਅਫਰੀਕਾ ਹੀ ਅਜਿਹੀ ਟੀਮ ਹੈ ਜੋ ਹੁਣ ਤੱਕ ਸ਼ਾਨਦਾਰ ਦਿਖਾਈ ਦੇ ਰਹੀ ਹੈ। ਉਹ ਖ਼ਤਰਨਾਕ ਹੋਵੇਗੀ। ਪਰ ਮੈਂ ਕਹਾਂਗਾ ਕਿ ਜੋ ਮੈਂ ਸ਼ੁਰੂ ‘ਚ ਕਿਹਾ ਸੀ ਉਹ ਹੀ ਹੋਵੇਗਾ ਅਤੇ ਆਸਟਰੇਲੀਆ ਬਨਾਮ ਇੰਡੀਆ ਫਾਈਨਲ ਮੈਚ ਹੋਵੇਗਾ। ਪੋਂਟਿੰਗ ਨੇ ਬਤੌਰ ਖਿਡਾਰੀ ਤਿੰਨ ਵਰਲਡ ਕੱਪ ਜਿੱਤੇ ਹਨ। ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਖਿਡਾਰੀ ਵੱਧ ਤੋਂ ਵੱਧ ਆਪਣੇ ਆਪ ਨੂੰ ਪ੍ਰਗਟਾਉਣ ਨਹੀਂ ਤਾਂ ਬਾਅਦ ‘ਚ ਉਨ੍ਹਾਂ ਨੂੰ ਪਛਤਾਉਣਾ ਪੈ ਸਕਦਾ ਹੈ। ਪੋਂਟਿੰਗ ਨੇ ਲਿਖਿਆ, ‘ਮੈਂ ਹਰ ਵੱਡੇ ਮੈਚ ‘ਚ ਗਿਆ ਹਾਂ, ਖਾਸ ਤੌਰ ‘ਤੇ ਜਦੋਂ ਮੈਂ ਆਸਟਰੇਲੀਆ ਦਾ ਕਪਤਾਨ ਸੀ, ਮੈਂ ਲੜਕਿਆਂ ਨੂੰ ਕਿਹਾ ਸੀ ਕਿ ਉਹ ਇਸ ਪਲ ਨੂੰ ਗਲੇ ਲਗਾਓ ਤੇ ਤੁਸੀਂ ਜਿੰਨਾ ਬਿਹਤਰ ਖੇਡੋਗੇ ਓਨਾ ਹੀ ਸਹੀ ਰਹੇਗਾ।’