ਹਾਕੀ ਵਰਲਡ ਕੱਪ ਦੇ ਇਕ ਮੈਚ ‘ਚ ਮਾਰਕ ਰੇਅਨਾ ਅਤੇ ਮਾਰਕ ਮਿਰਾਲੇਸ ਵੱਲੋਂ ਕੀਤੇ ਗਏ ਦੋ-ਦੋ ਗੋਲਾਂ ਦੀ ਮਦਦ ਨਾਲ ਸਪੇਨ ਨੇ ਪੂਲ ਡੀ ‘ਚ ਵੇਲਜ਼ ਨੂੰ 5-1 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਰੇਅਨਾ ਨੇ 16ਵੇਂ ਅਤੇ 38ਵੇਂ ਮਿੰਟ ‘ਚ ਮੈਦਾਨੀ ਗੋਲ ਕੀਤੇ ਜਦਕਿ ਮਿਰਾਲੇਸ ਨੇ 32ਵੇਂ ਅਤੇ 56ਵੇਂ ਮਿੰਟ ‘ਚ ਗੋਲ ਕੀਤੇ। ਸਪੇਨ ਲਈ ਪੰਜਵਾਂ ਗੋਲ ਕਪਤਾਨ ਅਲਵਾਰੋ ਗਲੇਸੀਆਸ (22ਵੇਂ ਮਿੰਟ) ਨੇ ਕੀਤਾ। ਵੇਲਜ਼ ਲਈ ਇਕੋ-ਇਕ ਗੋਲ ਜੇਮਸ ਕਾਰਸਨ ਨੇ 52ਵੇਂ ਮਿੰਟ ‘ਚ ਕੀਤਾ। ਟੂਰਨਾਮੈਂਟ ‘ਚ ਸਪੇਨ ਦੀ ਇਹ ਪਹਿਲੀ ਜਿੱਤ ਸੀ ਜਦਕਿ ਵੇਲਜ਼ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਇੰਡੀਆ ਨੇ ਸਪੇਨ ਨੂੰ 2-0 ਜਦਕਿ ਇੰਗਲੈਂਡ ਨੇ ਵੇਲਜ਼ ਨੂੰ 5-0 ਨਾਲ ਹਰਾਇਆ ਸੀ। ਸਪੇਨ 19 ਜਨਵਰੀ ਨੂੰ ਭੁਬਨੇਸ਼ਵਰ ‘ਚ ਆਪਣੇ ਆਖ਼ਰੀ ਪੂਲ ਮੈਚ ‘ਚ ਇੰਗਲੈਂਡ ਨਾਲ ਭਿੜੇਗਾ ਜਦਕਿ ਵੇਲਜ਼ ਦਾ ਸਾਹਮਣਾ ਇੰਡੀਆ ਨਾਲ ਹੋਵੇਗਾ।