ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡੇ ਗਏ ਵੂਮੈਨਜ਼ ਪ੍ਰੀਮੀਅਰ ਲੀਗ ਦੇ ਅੱਠਵੇਂ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਇਕ ਹੋਰ ਹਾਰ ਸਾਹਮਣਾ ਕਰਨਾ ਪਿਆ। ਯੂ.ਪੀ. ਵਾਰੀਅਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 10 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਆਪਣੇ ਨਾਂ ਕੀਤੀ। ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲੀ ਵਿਕਟ ਛੇਤੀ ਡਿੱਗਣ ਤੋਂ ਬਾਅਦ ਸੋਫੀ ਡਿਵਾਈਨ (36) ਤੇ ਐਲਿਸੇ ਪੈਰੀ (52) ਨੇ ਪਾਰੀ ਨੂੰ ਸੰਭਾਲਿਆ ਤੇ ਇਕ ਚੰਗੀ ਸਾਂਝੇਦਾਰੀ ਨਾਲ ਟੀਮ ਦਾ ਸਕੋਰ ਅੱਗੇ ਤੋਰਿਆ। ਉਨ੍ਹਾਂ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ ਤੇ ਟੀਮ 19.3 ਓਵਰਾਂ ‘ਚ 138 ਦੌੜਾਂ ‘ਤੇ ਹੀ ਸਿਮਟ ਕੇ ਰਹਿ ਗਈ। ਯੂ.ਪੀ. ਵਾਰੀਅਰਜ਼ ਦੀ ਸੋਫੀ ਏਕਲਸਟੋਨ ਨੇ 4 ਅਤੇ ਦੀਪਤੀ ਸ਼ਰਾ ਨੇ 3 ਵਿਕਟਾਂ ਲਈਆਂ। 20 ਓਵਰਾਂ ‘ਚ 139 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਯੂ.ਪੀ. ਵਾਰੀਅਰਜ਼ ਦੀ ਟੀਮ ਨੂੰ ਕੋਈ ਖ਼ਾਸ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਕਪਤਾਨ ਐਲਿਸਾ ਹੀਲੀ ਨੇ 47 ਗੇਂਦਾਂ ‘ਚ 96 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ ਇਸ ਦੌਰਾਨ 18 ਚੌਕੇ ਤੇ 1 ਛੱਕਾ ਜੜਿਆ। ਉਸ ਦੀ ਸਾਥੀ ਸਲਾਮੀ ਬੱਲੇਬਾਜ਼ ਦੇਵਿਕਾ ਵੈਦਿਆ ਨੇ ਵੀ ਪਾਰੀ ਨੂੰ ਸੰਭਾਲੀ ਰੱਖਿਆ ਤੇ 36 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਵਾਰੀਅਰਜ਼ ਨੇ 13 ਓਵਰਾਂ ‘ਚ ਬਿਨਾ ਕੋਈ ਵਿਕਟ ਗੁਆਏ ਬੜੇ ਅਰਾਮ ਨਾਲ ਜਿੱਤ ਦਰਜ ਕਰ ਲਈ। ਕਪਤਾਨ ਐਲਿਸਾ ਹੀਲੀ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।