ਉੱਤਰ ਪ੍ਰਦੇਸ਼ ਦੇ ਬਹਿਰਾਇਚ ‘ਚ ਸਰਕਾਰੀ ਬੱਸ ਅਤੇ ਟਰੱਕ ਦੀ ਟੱਕਰ ‘ਚ ਅੱਜ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਚ 15 ਹੋਰ ਮੁਸਾਫਰ ਜ਼ਖਮੀ ਹੋਏ ਹਨ। ਹਾਦਸਾ ਸਵੇਰੇ ਸਵਖਤੇ ਪੰਜ ਵਜੇ ਦੇ ਕਰੀਬ ਹੋਇਆ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਕ ਤੇਜ਼ ਰਫ਼ਤਾਰ ਟਰੱਕ ਨੇ ਅੱਜ ਲਖਨਊ ਦੀ ਰੋਡਵੇਜ਼ ਬੱਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਜਰਵਲ ਥਾਣਾ ਖੇਤਰ ਦੇ ਘਾਘਰਾ ਘਾਟ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਡੀ.ਐੱਮ. ਡਾ. ਦਿਨੇਸ਼ ਚੰਦਰ ਅਤੇ ਐੱਸ.ਪੀ. ਕੇਸ਼ਵ ਚੌਧਰੀ ਮੌਕੇ ‘ਤੇ ਪਹੁੰਚੇ। ਹਾਦਸੇ ਦਾ ਸ਼ਿਕਾਰ ਹੋਈ ਬੱਸ ਬਹਿਰਾਇਚ ਤੋਂ ਲਖਨਊ ਜਾ ਰਹੀ ਸੀ। ਇਸ ਸੜਕ ਹਾਦਸੇ ਦੌਰਾਨ ਟਰੱਕ ਚਾਲਕ ਸਮੇਤ 6 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਹਾਦਸੇ ਦੌਰਾਨ 15 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਅੱਧਾ ਦਰਜਨ ਦੀ ਹਾਲਤ ਗੰਭੀਰ ਹੈ। ਅਜਿਹੇ ‘ਚ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ।