ਪਾਕਿਸਤਾਨ ਦੇ ਸਿੰਧ ਸੂਬੇ ਦੇ ਜਮਸ਼ੋਰੋ ਜ਼ਿਲੇ ‘ਚ ਨੌਰੀਬਾਦ ਨੇੜੇ ਇਕ ਯਾਤਰੀ ਬੱਸ ‘ਚ ਅੱਗ ਲੱਗਣ ਕਾਰਨ 8 ਬੱਚਿਆਂ ਅਤੇ 9 ਔਰਤਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਡਾਨ ਨਿਊਜ਼ ਨੇ ਪੁਲੀਸ ਦੇ ਹਵਾਲੇ ਨਾਲ ਇਸ ਘਟਨਾ ਦੀ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਨੌਰਿਆਬਾਦ ਦੇ ਡਿਪਟੀ ਸੁਪਰਡੈਂਟ ਵਾਜਿਦ ਤਹਿਮ ਨੇ ਵਾਪਰੀ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੱਸ ‘ਚੋਂ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਅੱਠ ਬੱਚੇ, ਇਕ ਔਰਤ ਅਤੇ ਦੋ ਪੁਰਸ਼ ਸ਼ਾਮਲ ਹਨ। ਉਸ ਨੇ ਦੱਸਿਆ ਕਿ ਬੱਸ ‘ਚ 80 ਤੋਂ ਵੱਧ ਲੋਕ ਸਵਾਰ ਸਨ ਅਤੇ ਇਹ ਲੋਕ ਮੁਗੈਰੀ ਭਾਈਚਾਰੇ ਨਾਲ ਸਬੰਧਤ ਹਨ ਅਤੇ ਕਰਾਚੀ ਤੋਂ ਵਾਪਸ ਖੈਰਪੁਰ ਨਾਥਨ ਸ਼ਾਹ ਆ ਰਹੇ ਸਨ। ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਕੋਚ ਦੇ ਏਅਰ ਕੰਡੀਸ਼ਨਿੰਗ ਸਿਸਟਮ ‘ਚ ਖਰਾਬੀ ਕਾਰਨ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਅਤੇ ਜ਼ਖਮੀਆਂ ਨੂੰ ਲਿਆਕਤ ਯੂਨੀਵਰਸਿਟੀ ਹਸਪਤਾਲ ਜਮਸ਼ੋਰੋ ਲਿਜਾਇਆ ਗਿਆ ਹੈ। ਇਸ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਲਈ ਵਾਲੰਟੀਅਰ ਵੀ ਮੌਕੇ ‘ਤੇ ਪਹੁੰਚ ਗਏ ਹਨ। ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਜਮਸ਼ੋਰੋ ਦੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਐਂਬੂਲੈਂਸ ਨਾਲ ਮੌਕੇ ‘ਤੇ ਪਹੁੰਚਣ ਅਤੇ ਜ਼ਖਮੀਆਂ ਨੂੰ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਘਟਨਾ ਦੀ ਜਾਂਚ ਰਿਪੋਰਟ ਤਲਬ ਕੀਤੀ ਹੈ।