ਸੈਨੇਗਲ ਦੇ ਮੇਜ਼ਬਾਨ ਕਤਰ ਨੂੰ 3-1 ਨਾਲ ਹਰਾ ਕੇ ਫੀਫਾ ਵਰਲਡ ਕੱਪ ਤੋਂ ਬਾਹਰ ਹੋਣ ਕੰਢੇ ਪਹੁੰਚਾ ਦਿੱਤਾ। ਸਟ੍ਰਾਈਕਰ ਬੁਲਾਏ ਡੀਆ ਨੇ ਕਤਰ ਦੇ ਡਿਫੈਂਡਰ ਬੁਆਲੇਮ ਖਾਊਖੀ ਦੀ ਗਲਤੀ ਦਾ ਫਾਇਦਾ ਉਠਾ ਕੇ ਪਹਿਲਾ ਗੋਲ ਕੀਤਾ। ਫਮਾਰਾ ਡੀ ਨੇ ਦੂਜੇ ਹਾਫ ਦੀ ਸ਼ੁਰੂਆਤ ‘ਚ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ। ਕਤਰ ਲਈ ਬਦਲਵੇਂ ਖਿਡਾਰੀ ਮੁਹੰਮਦ ਮੁੰਤਾਰੀ ਨੇ ਗੋਲ ਕੀਤਾ ਪਰ ਛੇ ਮਿੰਟ ਬਾਅਦ ਹੀ ਬਾਂਬਾ ਡਇਏਂਗ ਨੇ ਇਕ ਹੋਰ ਗੋਲ ਕਰ ਕੇ ਸੈਨੇਗਲ ਨੂੰ 3-1 ਨਾਲ ਲੀਡ ਦਿਵਾਈ। ਕਤਰ ਆਪਣੇ ਦੋਵੇਂ ਮੈਚ ਹਾਰ ਚੁੱਕਾ ਹੈ ਅਤੇ ਗਰੁੱਪ-ਏ ਦੇ ਹੋਰ ਮੈਚਾਂ ‘ਚ ਜੇ ਨੀਦਰਲੈਂਡ, ਇਕੁਆਡੋਰ ਨਾਲ ਡਰਾਅ ਖੇਡਦਾ ਹੈ ਤਾਂ ਮੇਜ਼ਬਾਨ ਟੀਮ ਵਰਲਡ ਕੱਪ ਤੋਂ ਬਾਹਰ ਹੋ ਜਾਵੇਗੀ। ਪਿਛਲੇ 12 ਸਾਲ ਤੋਂ ਵਰਲਡਕੱਪ ਦੀ ਤਿਆਰੀ ਕਰ ਰਹੀ ਕਤਰ ਦੀ ਟੀਮ ਇਕ ਹਫਤਾ ਵੀ ਟੂਰਨਾਮੈਂਟ ‘ਚ ਨਾ ਟਿਕ ਸਕੀ। ਇਸ ਦੇ ਨਾਲ ਹੀ ਵਰਲਡ ਕੱਪ ਦੇ 92 ਸਾਲਾਂ ਦੇ ਇਤਿਹਾਸ ‘ਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੇਜ਼ਬਾਨ ਟੀਮ ਬਣ ਗਈ ਹੈ। ਪਹਿਲੇ ਮੈਚ ‘ਚ ਉਸ ਨੂੰ ਇਕੁਆਡੋਰ ਨੇ 2-0 ਨਾਲ ਹਰਾਇਆ ਸੀ। ਦੂਜੇ ਪਾਸੇ ਪਹਿਲੇ ਮੈਚ ‘ਚ ਡਚ ਟੀਮ ਤੋਂ ਹਾਰੀ ਸੈਨੇਗਲ ਨੇ ਆਪਣੀ ਮੁਹਿੰਮ ਨੂੰ ਇਸ ਜਿੱਤ ਨਾਲ ਹੁਲਾਰਾ ਦਿੱਤਾ ਹੈ। ਵਰਲਡ ਕੱਪ 2010 ਦੀ ਮੇਜ਼ਬਾਨ ਦੱਖਣੀ ਅਫਰੀਕਾ ਗਰੁੱਪ ਗੇੜ ਤੋਂ ਬਾਹਰ ਹੋਣ ਵਾਲੀ ਇਕਲੌਤੀ ਮੇਜ਼ਬਾਨ ਟੀਮ ਸੀ। ਦੱਖਣੀ ਅਫਰੀਕਾ ਨੇ ਹਾਲਾਂਕਿ ਤਿੰਨ ਮੈਚਾਂ ‘ਚੋਂ ਇਕ ਜਿੱਤਿਆ ਅਤੇ ਇਕ ਡਰਾਅ ਖੇਡਿਆ ਸੀ। ਕਤਰ ਨੇ ਪਹਿਲੀ ਵਾਰ ਵਰਲਡਕੱਪ ਦੀ ਮੇਜ਼ਬਾਨੀ ‘ਤੇ 220 ਅਰਬ ਡਾਲਰ ਖਰਚ ਕੀਤੇ ਹਨ ਪਰ ਇਕ ਵਿਸ਼ਵ ਪੱਧਰੀ ਫੁਟਬਾਲ ਟੀਮ ਮੈਦਾਨ ‘ਚ ਨਾ ਉਤਾਰ ਸਕੀ।