ਭਾਰਤੀ ਮਹਿਲਾ ਹਾਕੀ ਟੀਮ ਨੇ ਪੂਲ ‘ਏ’ ਦੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਕਰਡ਼ੇ ਹਾਲਾਤਾਂ ਦਾ ਸਾਹਮਣਾ ਕਰਦਿਆਂ ਆਪਣੇ ਤੋਂ ਘੱਟ ਰੈਕਿੰਗ ਵਾਲੀ ਕੈਨੇਡਾ ਦੀ ਟੀਮ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਭਾਰਤੀ ਟੀਮ ਵੱਲੋਂ ਸਲੀਮਾ ਟੇਟੇ ਤੇ ਨਵਨੀਤ ਕੌਰ ਨੇ ਪਹਿਲੇ ਦੋ ਗੋਲ ਕੀਤੇ। 22ਵੇਂ ਮਿੰਟ ਤੱਕ ਭਾਰਤੀ ਟੀਮ ਚੰਗੀ ਸਥਿਤੀ ’ਚ ਨਜ਼ਰ ਆ ਰਹੀ ਸੀ। ਕੈਨੇਡਾ ਦੀ ਟੀਮ ਨੇ ਹਾਲਾਂਕਿ ਇਸ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ 23ਵੇਂ ਤੇ 39ਵੇਂ ਮਿੰਟ ’ਚ ਗੋਲ ਦਾਗ ਦਿੱਤੇ। ਇੰਡੀਆ ਵੱਲੋਂ ਤੀਜਾ ਗੋਲ ਲਾਲਰੇਮ ਸਿਆਮੀ ਨੇ ਕੀਤਾ। ਇਸ ਤੋਂ ਪਹਿਲਾਂ ਅਕਾਸ਼ਦੀਪ ਸਿੰਘ ਤੇ ਹਰਮਨਪ੍ਰੀਤ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਇੰਡੀਆ ਨੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ’ਚ ਕੈਨੇਡਾ ਨੂੰ 8-0 ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਨਾਲ ਇੰਡੀਆ ਨੇ ਸੈਮੀਫਾਈਨਲ ਲਈ ਆਪਣਾ ਦਾਅਵਾ ਪੁਖ਼ਤਾ ਕਰ ਲਿਆ ਹੈ।