ਮਹਿਲਾ ਪ੍ਰੀਮੀਅਰ ਲੀਗ ਦੇ ਸ਼ੁਰੂਆਤੀ ਸੈਸ਼ਨ ਦੇ ਪਹਿਲੇ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 143 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ 208 ਦੌੜਾਂ ਦਾ ਟੀਚਾ ਦਿੱਤਾ ਗਿਆ ਜਿਸ ਦੇ ਜਵਾਬ ‘ਚ ਗੁਜਰਾਤ ਜਾਇੰਟਸ ਦੀ ਟੀਮ 15.1 ਓਵਰਾਂ ‘ਚ 64 ਦੌੜਾਂ ‘ਤੇ ਸਿਮਟ ਗਈ। ਟੀਚੇ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਦੀ ਟੀਮ ਨੇ 7 ਓਵਰਾਂ ਦੇ ਅੰਦਰ ਹੀ ਆਪਣੀਆਂ ਪਹਿਲੀਆਂ 5 ਵਿਕਟਾਂ ਗੁਆ ਦਿੱਤੀਆਂ। ਸਟਾਰ ਖਿਡਾਰਨ ਹਰਲੀਨ ਦਿਓਲ, ਐਸ਼ਲੇ ਗਾਰਡਨਰ ਅਤੇ ਕਪਤਾਨ ਬੇਥ ਮੂਨੀ ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤ ਗਈਆਂ ਜਦਕਿ ਸਬਹਿਨੇਨੀ ਮੇਘਨਾ 2 ਅਤੇ ਐਨਾਬੇਲ ਸਦਰਲੈਂਡ 6 ਦੌੜਾਂ ਬਣਾ ਕੇ ਆਊਟ ਹੋਈਆਂ। ਇਸ ਤੋਂ ਬਾਅਦ ਆਖਰੀ ਪੰਜ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਵੀ ਸਾਧਾਰਨ ਰਿਹਾ। ਗੁਜਰਾਤ ਵੱਲੋਂ ਸਭ ਤੋਂ ਵੱਡੀ ਪਾਰੀ ਦਿਆਲਨ ਹੇਮਲਤਾ ਨੇ ਖੇਡੀ, ਜਿਸ ਨੇ ਅਜੇਤੂ 29 ਦੌੜਾਂ ਬਣਾਈਆਂ। ਮੁੰਬਈ ਵੱਲੋਂ ਸਾਈਕਾ ਇਸ਼ਾਕ ਨੇ ਸਭ ਤੋਂ ਵਧੀਆ 4 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ 20 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 207 ਦੌੜਾਂ ਬਣਾਈਆਂ ਸਨ। ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਈ। ਨੈਟ ਸਾਈਬਰ ਬਰੰਟ ਅਤੇ ਹਾਰਲੇ ਮੈਥਿਊਜ਼ ਨੇ ਫਿਰ ਪਾਰੀ ਨੂੰ ਸੰਭਾਲਿਆ। ਬਰੰਟ ਨੇ 18 ਗੇਂਦਾਂ ‘ਚ 23 ਦੌੜਾਂ ਬਣਾਈਆਂ ਜਦਕਿ ਮੈਥਿਊਜ਼ ਨੇ 31 ਗੇਂਦਾਂ ‘ਚ 47 ਦੌੜਾਂ ਬਣਾਈਆਂ। ਚੌਥੇ ਨੰਬਰ ‘ਤੇ ਆਈ ਕਪਤਾਨ ਹਰਮਨਪ੍ਰੀਤ ਨੇ ਧਮਾਕੇਦਾਰ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 150 ਤੋਂ ਪਾਰ ਪਹੁੰਚਾਇਆ। ਉਸ ਨੇ 30 ਗੇਂਦਾਂ ‘ਚ 14 ਚੌਕਿਆਂ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਅਮੇਲੀਆ ਕੇਰ ਅਤੇ ਪੂਜਾ ਵਸਤਰਾਕਰ ਨੇ ਪਾਰੀ ਨੂੰ ਅੱਗੇ ਵਧਾਇਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ। ਹਾਲਾਂਕਿ ਪੂਜਾ 8 ਗੇਂਦਾਂ ”ਚ 15 ਦੌੜਾਂ ਬਣਾ ਕੇ ਆਊਟ ਹੋ ਗਈ। ਅਮੇਲੀਆ ਕੇਰ ਨੇ 24 ਗੇਂਦਾਂ ‘ਤੇ ਨਾਬਾਦ 45 ਦੌੜਾਂ ਦੀ ਪਾਰੀ ਖੇਡੀ।