ਮਹਿਲਾ ਪ੍ਰੀਮੀਅਰ ਲੀਗ ‘ਚ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਅਜੇਤੂ 53 ਅਤੇ ਨੈਟ ਸਾਈਵਰ ਬ੍ਰੰਟ ਦੀਆਂ ਅਜੇਤੂ 45 ਦੌੜਾਂ ਸਦਕਾ ਮੁੰਬਈ ਇੰਡੀਅਨਜ਼ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਨ੍ਹਾਂ ਦੋਹਾਂ ਬੱਲੇਬਾਜ਼ਾਂ ਵਿਚਾਲੇ ਤੀਜੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਦੇ ਦਮ ‘ਤੇ ਮੁੰਬਈ ਦੀ ਟੀ-20 ਮੈਚ ‘ਚ ਯੂ.ਪੀ. ਵਾਰੀਅਰਜ਼ ਨੂੰ 15 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾਉਣ ਨਾਲ ਹਾਸਲ ਕੀਤੀ ਇਹ ਲਗਾਤਾਰ ਚੌਥੀ ਜਿੱਤ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਦੀ 33 ਗੇਂਦਾਂ ਦੀ ਅਜੇਤੂ ਪਾਰੀ ‘ਚ 9 ਚੌਕੇ ਤੇ 1 ਛੱਕਾ ਸ਼ਾਮਲ ਸੀ। ਸਾਈਵਰ ਬ੍ਰੰਟ (31 ਗੇਂਦਾਂ ‘ਤੇ 6 ਚੌਕੇ ਤੇ 1 ਛੱਕਾ) ਨੇ ਟੀਮ ਨੂੰ ਜਿੱਤ ਦਿਵਾਈ। ਇਸ ਨਾਲ ਮੁੰਬਈ ਇੰਡੀਅਨਜ਼ ਦੀ ਟੀਮ 8 ਅੰਕ ਲੈ ਕੇ ਅੰਕ ਸੂਚੀ ‘ਚ ਚੋਟੀ ‘ਤੇ ਚੱਲ ਰਹੀ ਹੈ। ਯੂ.ਪੀ. ਵਾਰੀਅਰਜ਼ ਨੂੰ ਦਿੱਲੀ ਕੈਪੀਟਲਸ (6 ਅੰਕ) ਦੀ ਬਰਾਬਰੀ ਕਰਨ ਲਈ ਇਸ ਮੈਚ ‘ਚ ਜਿੱਤ ਦੀ ਲੋੜ ਸੀ ਪਰ ਕਪਤਾਨ ਐਲਿਸਾ ਹੀਲੀ (58) ਤੇ ਤਹਿਲਿਆ ਮੈਕਗ੍ਰਾ (50) ਦੇ ਅਰਧ ਸੈਂਕੜੇ ਵੀ ਉਸ ਨੂੰ ਹਾਰ ਤੋਂ ਨਹੀਂ ਬਚਾ ਸਕੇ। ਹੀਲੀ ਤੇ ਮੈਕਗ੍ਰਾ ਵਿਚਾਲੇ ਤੀਜੀ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਨਾਲ ਯੂ.ਪੀ. ਵਾਰੀਅਰਜ਼ ਨੇ 6 ਵਿਕਟਾਂ ‘ਤੇ 159 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਨੇ 17.3 ਓਵਰਾਂ ‘ਚ 2 ਵਿਕਟਾਂ ‘ਤੇ 164 ਦੌੜਾਂ ਬਣਾ ਕੇ ਆਰਾਮ ਨਾਲ ਜਿੱਤ ਦਰਜ ਕਰ ਲਈ। ਯੂ.ਪੀ. ਵਾਰੀਅਰਜ਼ ਦੇ 5ਵੇਂ ਓਵਰ ‘ਚ ਨਾਟਕੀ ਘਟਨਾ ਵਾਪਰੀ ਜਦੋਂ ਸੋਫੀ ਐਕਲੇਸਟੋਨ ਨੇ ਹੀਲੀ ਮੈਥਿਊਜ਼ ਦੇ ਐੱਲ.ਬੀ.ਡਬਲਿਊ. ਦੀ ਅਪੀਲ ਕੀਤੀ, ਜਿਸ ਨੂੰ ਮੈਦਾਨੀ ਅੰਪਾਇਰ ਨੇ ਨਕਾਰ ਦਿੱਤਾ। ਫਿਰ ਯੂ.ਪੀ. ਵਾਰੀਅਰਜ਼ ਦੀ ਕਪਤਾਨ ਹੀਲੀ ਨੇ ਐਕਲੇਸਟੋਨ ਤੋਂ ਪੁੱਛਣ ਤੋਂ ਬਾਅਦ ਰੀਵਿਊ ਲਿਆ, ਜਿਸ ‘ਤੇ ਤੀਜੇ ਅੰਪਾਇਰ ਨੇ ਆਊਟ ਦਿੱਤਾ ਪਰ ਮੈਥਿਊਜ਼ ਰੁਕੀ ਨਹੀਂ ਤੇ ਉਸ ਨੇ ਰੀਵਿਊ ਲੈ ਲਿਆ, ਜਿਸ ‘ਤੇ ਉਸ ਨੂੰ ‘ਨਾਟ ਆਊਟ’ ਦਿੱਤਾ ਗਿਆ।