ਇਕ ਪਾਸੇ ਪੁਲੀਸ ’ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਦਬਾਅ ਹੈ ਤੇ ਜਦੋਂ ਕੋਈ ਪੁਲੀਸ ਅਧਿਕਾਰੀ ਇਸ ਪਾਸੇ ਕਾਰਵਾਈ ਕਰਦਾ ਹੈ ਤਾਂ ਕਈ ਵਾਰ ਸਿਆਸੀ ਆਗੂ ਹੀ ਅਡ਼ਿੱਕਾ ਬਣ ਜਾਂਦੇ ਹਨ। ਅਜਿਹਾ ਹੀ ਹੋਇਆ ਇਕ ਮਹਿਲਾ ਆਈ.ਪੀ.ਐੱਸ. ਅਧਿਕਾਰੀ ਨਾਲ ਲੁਧਿਆਣਾ ’ਚ। ਹਲਕਾ ਦੱਖਣੀ ’ਚ ਉੱਚ ਅਧਿਕਾਰੀਆਂ ਦੀ ਹਦਾਇਤ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਮਹਿਲਾ ਆਈ.ਪੀ.ਐੱਸ. ਜੋਤੀ ਯਾਦਵ ਨੇ ਪੂਰੀ ਟੀਮ ਨਾਲ ਛਾਪਾ ਮਾਰਿਆ ਤਾਂ ‘ਆਪ’ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਵੀ ਉਥੇ ਪੁੱਜ ਗਏ। ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਆਈ.ਪੀ.ਐੱਸ. ਅਧਿਕਾਰੀ ਏ.ਸੀ.ਪੀ. ਜੋਤੀ ਯਾਦਵ ਨੂੰ ਬਾਜ਼ਾਰ ’ਚ ਘੇਰਦਿਆਂ ਕਿਹਾ ਕਿ ਉਹ ਕਿਸ ਤੋਂ ਪੁੱਛ ਕੇ ਉਨ੍ਹਾਂ ਦੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਉਣ ਆਏ ਹਨ ਅਤੇ ਇਸ ਬਾਰੇ ਉਨ੍ਹਾਂ ਨੂੰ ਸੂਚਨਾ ਕਿਉਂ ਨਹੀਂ ਦਿੱਤੀ ਗਈ। ਏ.ਸੀ.ਪੀ. ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਤੇ ਜੇ.ਸੀ.ਪੀ. ਰਵਚਰਨ ਸਿੰਘ ਬਰਾਡ਼ ਦੇ ਕਹਿਣ ’ਤੇ ਇਥੇ ਆਏ ਹਨ ਤਾਂ ਵਿਧਾਇਕਾ ਨੇ ਕਿਹਾ ਕਿ ਪੁਲੀਸ ਕਮਿਸ਼ਨਰ ਦਾ ਸਿੱਧਾ ਹੁਕਮ ਹੈ ਕਿ ਕਿਸੇ ਵੀ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਉਣ ਬਾਰੇ ਪਹਿਲਾਂ ਹਲਕਾ ਵਿਧਾਇਕ ਨੂੰ ਸੂਚਿਤ ਕੀਤਾ ਜਾਵੇ। ਵਿਧਾਇਕਾ ਨੇ ਕਿਹਾ ਕਿ ਹਲਕੇ ’ਚ ਪੁਲੀਸ ਵੱਲੋਂ ਛਾਪਾ ਮਾਰਨਾ ਚੰਗੀ ਗੱਲ ਹੈ ਪਰ ਹਲਕੇ ਦੇ ਵਿਧਾਇਕ ਨੂੰ ਨਾਲ ਲੈਂਦੇ ਤਾਂ ਹੋਰ ਵਧੀਆ ਹੁੰਦਾ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਸ਼ੱਕੀ ਵਿਅਕਤੀਆਂ ਬਾਰੇ ਲੋਕ ਪੁਲੀਸ ਨੂੰ ਦੱਸਣ ਤੋਂ ਗੁਰੇਜ਼ ਕਰਦੇ ਹਨ, ਜਦੋਂ ਕਿ ਵਿਧਾਇਕ ਨਾਲ ਖੁੱਲ੍ਹ ਕੇ ਗੱਲ ਕਰ ਲੈਂਦੇ ਹਨ। ਵਿਧਾਇਕਾ ਨੇ ਕਿਹਾ ਕਿ ਇਲਾਕੇ ’ਚ ਪੁਲੀਸ ਦਾ ਅਚਾਨਕ ਆਉਣਾ ਅਤੇ ਘਰਾਂ ’ਚ ਦਾਖਲ ਹੋਣਾ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰਦਾ ਹੈ, ਇਸ ਲਈ ਵਿਧਾਇਕ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ। ਇਸ ਕਾਰਨ ਵਿਧਾਇਕਾ ਛੀਨਾ ਹੁਣ ਚਰਚਾ ’ਚ ਹੈ ਤੇ ਸੋਸ਼ਲ ਮੀਡੀਆ ’ਤੇ ਵੀ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।