ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸਾਰੇ ਰਾਜ ਮਹਾਸੰਘਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ, ‘ਅਸੀਂ ਅਗਲੇ ਸਾਲ ਦੀ ਸ਼ੁਰੂਆਤ ‘ਚ ਮਹਿਲਾ ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਬੋਰਡ ਅਗਲੇ ਸਾਲ ਦੀ ਸ਼ੁਰੂਆਤ ‘ਚ ਪਹਿਲਾ ਮਹਿਲਾ ਆਈ.ਪੀ.ਐੱਲ. ਆਯੋਜਿਤ ਕਰਵਾਏਗਾ। ਗਾਂਗੁਲੀ ਨੇ ਰਾਜ ਸੰਘਾਂ ਨੂੰ 2022-23 ਦੇ ਘਰੇਲੂ ਅੰਤਰਰਾਸ਼ਟਰੀ ਅਤੇ ਘਰੇਲੂ ਸੀਜ਼ਨ ‘ਤੇ ਮਹੱਤਵਪੂਰਨ ਨੁਕਤਿਆਂ ਦੀ ਰੂਪਰੇਖਾ ਦਿੰਦੇ ਹੋਏ ਪੱਤਰ ‘ਚ ਕਿਹਾ ਕਿ ਅਸੀਂ ਮਹਿਲਾ ਆਈ.ਪੀ.ਐੱਲ. ‘ਤੇ ਕੰਮ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਸਟਰੇਲੀਆ ਕ੍ਰਿਕਟ ਬੋਰਡ ਮਹਿਲਾ ਬਿਗ ਬੈਸ਼ ਲੀਗ ਦਾ ਆਯੋਜਨ ਕਰ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ ਕ੍ਰਿਕਟ ਬੋਰਡ ਵੀ ਮਹਿਲਾ ਕ੍ਰਿਕਟ ਸੁਪਰ ਲੀਗ ਅਤੇ ਹੰਡਰਡ ਫਾਰਮੈਟ ‘ਚ ਮਹਿਲਾ ਕ੍ਰਿਕਟਰਾਂ ਨੂੰ ਮੌਕੇ ਦੇ ਰਿਹਾ ਹੈ। ਹੁਣ ਬੀ.ਸੀ.ਸੀ.ਆਈ. ਵੱਲੋਂ ਮਹਿਲਾ ਆਈ.ਪੀ. ਐੱਲ. ਦੀ ਸ਼ੁਰੂਆਤ ਨਾਲ ਦੇਸ਼ ਦੀਆਂ ਮਹਿਲਾ ਕ੍ਰਿਕਟਰਾਂ ਲਈ ਇਕ ਵੱਡਾ ਪਲੇਟਫਾਰਮ ਤਿਆਰ ਹੋਣ ਦੀ ਉਮੀਦ ਹੈ। ਮੌਜੂਦਾ ਆਈ.ਪੀ.ਐੱਲ. ਫ੍ਰੈਂਚਾਈਜ਼ੀ ਪਹਿਲਾਂ ਹੀ ਆਪਣੀ ਮਹਿਲਾ ਟੀਮ ਦੇ ਗਠਨ ਦਾ ਐਲਾਨ ਕਰ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਬੀ.ਸੀ.ਸੀ.ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਪਹਿਲਾਂ ਵੀ ਪੁਸ਼ਟੀ ਕੀਤੀ ਸੀ ਕਿ ਮਹਿਲਾ ਆਈ.ਪੀ.ਐੱਲ. 2023 ‘ਚ ਆਯੋਜਿਤ ਹੋ ਸਕਦਾ ਹੈ।