ਮਹਾਰਾਣੀ ਐਲਿਜ਼ਾਬੈੱਥ ਦੋਇਮ ਦਾ ਲੰਡਨ ਦੇ ਬਕਿੰਘਮ ਪੈਲੇਸ ਤੋਂ ਅੰਤਿਮ ਸਫ਼ਰ ਲਈ ਰਵਾਨਾ ਹੋ ਹੋਇਆ ਤਾਬੂਤ ਸੰਸਦੀ ਕੰਪਲੈਕਸ ਦੇ ਸਾਂਝੇ ਸਦਨ ਵੈਸਟਮਿਨਸਟਰ ਹਾਲ ‘ਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ। ਪੈਲੇਸ ਤੋਂ ਸੰਸਦੀ ਕੰਪਲੈਕਸ ਦਾ ਫਾਸਲਾ ਦੋ ਕਿਲੋਮੀਟਰ ਦਾ ਹੈ। ਮਹਾਰਾਣੀ ਦੀਆਂ ਅੰਤਿਮ ਰਸਮਾਂ ਸੋਮਵਾਰ ਨੂੰ ਵੈਸਟਮਿਨਸਟਰ ਐਬੇ ‘ਚ ਹੋਣਗੀਆਂ। ਮਹਾਰਾਣੀ ਦਾ 96 ਸਾਲ ਦੀ ਉਮਰ ਵਿਚ ਸਕਾਟਲੈਂਡ ਦੇ ਬੈਲਮੋਰਲ ਕੈਸਲ ‘ਚ ਦੇਹਾਂਤ ਹੋ ਗਿਆ ਸੀ। ਇਸ ਤੋਂ ਪਹਿਲਾਂ ਸਮਰਾਟ ਦੀ ਸ਼ਾਹੀ ਫੌਜ ਦੇ ਜਵਾਨ ਮਹਾਰਾਣੀ ਦੇ ਤਾਬੂਤ ਨੂੰ ਸ਼ਾਹੀ ਘੋੜਿਆਂ ਵਾਲੀ ਬੱਘੀ ‘ਚ ਲੈ ਕੇ ਰਵਾਨਾ ਹੋਏ। ਸਮਰਾਟ ਚਾਰਲਸ 3 ਤੇ ਉਨ੍ਹਾਂ ਦੇ ਪੁੱਤਰਾਂ ਸ਼ਹਿਜ਼ਾਦਾ ਵਿਲੀਅਮਜ਼ ਤੇ ਹੈਰੀ ਨੇ ਤਾਬੂਤ ਪਿੱਛੇ ਚੱਲਣ ਦੀ ਸ਼ਾਹੀ ਰਸਮ ਨੂੰ ਪੂਰਾ ਕੀਤਾ ਤੇ ਹਾਈਡ ਪਾਰਕ ਤੋਂ ਤੋਪਾਂ ਦੀ ਸਲਾਮੀ ਦਿੱਤੀ ਗਈ। ਕੈਂਟਰਬਰੀ ਦੇ ਆਰਕਬਿਸ਼ਪ ਜਸਟਿਸ ਵੈਲਬੀ ਤੇ ਵੈਸਟਮਿਨਸਟਰ ਦੇ ਡੀਨ ਡਾ. ਡੈਵਿਡ ਹੋਇਲ ਨੇ ਸ਼ਾਹੀ ਰਸਮਾਂ ਨੂੰ ਪੂਰਾ ਕੀਤਾ। ਇਸ ਮੌਕੇ ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਸਨ। ਇਸ ਪੂਰੀ ਰਸਮ ਦੌਰਾਨ ਸਮਰਾਟ ਦੇ ਅੰਗ ਰੱਖਿਅਕ ਤੇ ਹੋਰ ਗਾਰਡਾਂ ਵੱਲੋਂ ਚੌਕਸੀ ਡਿਊਟੀ ਦਿੱਤੀ ਗਈ। ਇਸ ਦੌਰਾਨ ਮਹਾਰਾਣੀ ਦੀ ਇਕ ਝਲਕ ਲਈ ਲੋਕ ਸਵੇਰ ਤੋਂ ਹੀ ਬਕਿੰਘਮ ਪੈਲੇਸ ਦੇ ਬਾਹਰ ਇਕੱਤਰ ਹੋਣਾ ਸ਼ੁਰੂ ਹੋ ਗਏ ਸਨ। ਪੈਲੇਸ ਤੋਂ ਵੈਸਟਮਿਨਸਟਰ ਹਾਲ ਤੱਕ ਸੜਕ ਦੇ ਦੋਵੀਂ ਪਾਸੀਂ ਵੱਡੀ ਗਿਣਤੀ ਲੋਕ ਮੌਜੂਦ ਸਨ। ਪੈਲੇਸ ਦੇ ਬਾਹਰ ਮੌਲ ਅਤੇ ਥੇਮਸ ਨਦੀ ਦੇ ਕੰਢੇ ਵੀ ਬਹੁਗਿਣਤੀ ਲੋਕ ਨਜ਼ਰ ਆਏ। ਹਾਊਸਹੋਲਡ ਡਿਵੀਜ਼ਨ, ਜੋ ਮਹਾਰਾਣੀ ਦੀਆਂ ਅੰਤਿਮ ਰਸਮਾਂ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ, ਦੇ ਮੇਜਰ ਜਨਰਲ ਕ੍ਰਿਸਟੋਫਰ ਨੇ ਕਿਹਾ, ‘ਅੱਜ ਦਾ ਦਿਨ ਬਹੁਤ ਉਦਾਸ ਹੈ, ਪਰ ਇਹ ਮਹਾਰਾਣੀ ਪ੍ਰਤੀ ਫ਼ਰਜ਼ ਨਿਭਾਉਣ ਦਾ ਸਾਡਾ ਆਖਰੀ ਜਦੋਂਕਿ ਸਮਰਾਟ ਪ੍ਰਤੀ ਸਾਡਾ ਪਹਿਲਾ ਮੌਕਾ ਹੈ। ਤੇ ਇਸ ਸਾਨੂੰ ਹੋਰ ਵੀ ਗੌਰਵ ਮਹਿਸੂਸ ਕਰਵਾਉਂਦਾ ਹੈ।’