ਪਾਕਿਸਤਾਨ ਸਰਕਾਰ ਵੱਲੋਂ ਲਗਾਤਾਰ ਵਰਤੀ ਲਾਪ੍ਰਵਾਹੀ ਕਾਰਨ ਗੁੱਜਰਾਂਵਾਲਾ ਸ਼ਹਿਰ ‘ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਛੱਤ ਡਿੱਗ ਗਈ ਹੈ। ਵੇਰਵਿਆਂ ਮੁਤਾਬਕ ‘ਸ਼ੇਰ-ਏ-ਪੰਜਾਬ’ ਦੀ ਹਵੇਲੀ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਨੂੰ ਇਤਿਹਾਸਕ ਸੈਰ-ਸਪਾਟੇ ਵਾਲੀ ਥਾਂ ‘ਚ ਤਬਦੀਲ ਕੀਤੇ ਜਾਣ ਲਈ ਸੁਰੱਖਿਅਤ ਕਰਾਰ ਦਿੱਤਾ ਸੀ। ਹਵੇਲੀ ਨੂੰ ਸੈਲਾਨੀਆਂ, ਖਾਸ ਕਰ ਕੇ ਇੰਡੀਆ ਦੇ ਸਿੱਖਾਂ ਲਈ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਸੀ। ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਇਸ ਘਰ ‘ਚ 13 ਨਵੰਬਰ 1780 ਨੂੰ ਹੋਇਆ ਸੀ। ਇਹ ਹਵੇਲੀ ਦੁਨੀਆ ਭਰ ਦੇ ਸਿੱਖਾਂ ‘ਚ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਜਾਣਕਾਰਾਂ ਮੁਤਾਬਕ 18ਵੀਂ ਸਦੀ ਤੱਕ ਹਵੇਲੀ ਦੇ ਆਲੇ-ਦੁਆਲੇ ਕਾਫ਼ੀ ਹਰਿਆਲੀ ਸੀ ਤੇ ਥਾਂ ਵੀ ਕਾਫ਼ੀ ਖੁੱਲ੍ਹੀ ਸੀ, ਪਰ ਹੁਣ ਇਸ ਇਲਾਕੇ ‘ਚ ਬਹੁਤ ਭੀੜ-ਭੜੱਕਾ ਹੈ ਤੇ ਕਈ ਗੈਰਕਾਨੂੰਨੀ ਉਸਾਰੀਆਂ ਹੋ ਚੁੱਕੀਆਂ ਹਨ। ਸਥਾਨਕ ਲੋਕਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ‘ਚ ਇਹ ਵਿਰਾਸਤੀ ਜਾਇਦਾਦ ਖ਼ਸਤਾ ਹਾਲ ਨਜ਼ਰ ਆ ਰਹੀ ਹੈ। ਜਦਕਿ ਕਿਸੇ ਵੇਲੇ ਇਹ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਦੌਲਤ ਤੇ ਸ਼ਾਨ ਦਾ ਪ੍ਰਤੀਕ ਸੀ। ਗੁਜਰਾਂਵਾਲਾ ਦੇ ਇਕ ਵਾਸੀ ਨੇ ਦੱਸਿਆ ਕਿ ਹਵੇਲੀ ਦੇ ਅੱਗੇ ਇਕ ਗੈਰਕਾਨੂੰਨੀ ਮੱਛੀ ਮਾਰਕੀਟ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਹਵੇਲੀ ਦੀ ਮੁਰੰਮਤ ਲਈ ਰਾਸ਼ੀ ਜਾਰੀ ਹੋਈ ਹੈ ਪਰ ਛੱਤ ਦਾ ਡਿੱਗਣਾ ਦਿਖਾਉਂਦਾ ਹੈ ਕਿ ਲਾਪ੍ਰਵਾਹੀ ਵਰਤੀ ਗਈ ਹੈ। ਹਵੇਲੀ ਦਾ ਬਾਕੀ ਹਿੱਸਾ ਵੀ ਬਹੁਤੀ ਚੰਗੀ ਹਾਲਤ ‘ਚ ਨਹੀਂ ਹੈ।