ਫੀਫਾ ਵਰਲਡ ਕੱਪ-2022 ਜੇਤੂ ਟੀਮ ਅਰਜਨਟੀਨਾ ਦੀ ਟੀਮ ਦੇ ਕਪਤਾਨ ਲਿਓਨਿਲ ਮੇਸੀ ਦਾ ਸੁਪਨਾ ਪੂਰਾ ਹੋ ਗਿਆ ਹੈ ਅਤੇ ਉਹ ਵਿਸ਼ਵ ਦੇ ਮਹਾਨ ਖਿਡਾਰੀਆਂ ਦੀ ਸੂਚੀ ‘ਚ ਆਪਣਾ ਨਾਂ ਦਰਜ ਕਰਵਾਉਣ ‘ਚ ਵੀ ਕਾਮਯਾਬ ਰਿਹਾ ਹੈ। ਅਰਜਨਟੀਨਾ ਪੈਨਲਟੀ ਸ਼ੂਟਆਊਟ ‘ਚ ਫਰਾਂਸ ਨੂੰ 4-2 ਨਾਲ ਹਰਾ ਕੇ 36 ਸਾਲ ਬਾਅਦ ਵਿਸ਼ਵ ਚੈਂਪੀਅਨ ਬਣਿਆ। ਆਪਣਾ ਆਖਰੀ ਵਰਲਡ ਕੱਪ ਖੇਡ ਰਹੇ ਮੇਸੀ ਦੀ ਅਧੂਰੀ ਇੱਛਾ ਪੂਰੀ ਹੋ ਗਈ ਜਿਸ ਤੋਂ ਉਹ 2014 ‘ਚ ਖੁੰਝ ਗਿਆ ਸੀ। ਡਿਆਗੋ ਮਾਰਾਡੋਨਾ (1986) ਤੋਂ ਬਾਅਦ ਉਸ ਨੇ ਆਪਣੀ ਟੀਮ ਨੂੰ ਵਰਲਡ ਕੱਪ ਦਿਵਾ ਕੇ ਮਹਾਨ ਖਿਡਾਰੀਆ ਦੀ ਸੂਚੀ ‘ਚ ਆਪਣਾ ਨਾਂ ਦਰਜ ਕਰਵਾ ਲਿਆ। ਮੈਦਾਨ ‘ਤੇ ਵੱਡੀ ਗਿਣਤੀ ‘ਚ ਇਕੱਠੇ ਹੋਏ ਦਰਸ਼ਕਾਂ ਤੇ ਦੁਨੀਆ ਭਰ ‘ਚ ਟੀ.ਵੀ. ਸਾਹਮਣੇ ਨਜ਼ਰਾਂ ਲਾਈ ਬੈਠੇ ਫੁੱਟਬਾਲ ਪ੍ਰੇਮੀਆਂ ਦੇ ਸਾਹ ਰੋਕ ਦੇਣ ਵਾਲੇ ਰੋਮਾਂਚਕ ਮੈਚ ‘ਚ ਪਾਸਾ ਪਲ-ਪਲ ਪਲਟਦਾ ਰਿਹਾ। ਅਰਜਨਟੀਨਾ ਨੇ 80ਵੇਂ ਮਿੰਟ ‘ਚ ਮੇਸੀ (23ਵੇਂ ਮਿੰਟ) ਤੇ ਐਂਜਲ ਡੀ ਮਾਰੀਆ (36ਵੇਂ ਮਿੰਟ) ਦੇ ਗੋਲਾਂ ਦੇ ਦਮ ‘ਤੇ 2-0 ਦੀ ਬੜ੍ਹਤ ਬਣਾ ਲਈ ਸੀ ਪਰ ਐਮਬਾਪੇ ਨੇ 80ਵੇਂ ਤੇ 81ਵੇਂ ਮਿੰਟ ‘ਚ 2 ਗੋਲ ਕਰਕੇ ਮੈਚ ਨੂੰ ਵਾਧੂ ਸਮੇਂ ਤਕ ਖਿੱਚ ਦਿੱਤਾ ਪਰ ਮੇਸੀ ਨੇ 108ਵੇਂ ਮਿੰਟ ‘ਚ ਗੋਲ ਕਰ ਦਿੱਤਾ ਤੇ ਐਮਬਾਪੇ ਨੇ 10 ਮਿੰਟ ਬਾਅਦ ਫਿਰ ਬਰਾਬਰੀ ਕਰਕੇ ਮੈਚ ਨੂੰ ਪੈਨਲਟੀ ਸ਼ੂਟਆਊਟ ‘ਚ ਖਿੱਚ ਦਿੱਤਾ। ਸ਼ੂਟਆਊਟ ‘ਚ ਸਬਟੀਚਿਊਟ ਗੋਂਜਾਲੋ ਮੋਂਟਿਯੇਲ ਨੇ ਫੈਸਲਾਕੁੰਨ ਪੈਨਲਟੀ ‘ਤੇ ਗੋਲ ਕੀਤਾ, ਜਦਕਿ ਫਰਾਂਸ ਦੇ ਕਿੰਗਸਲੇ ਕੋਮੈਨ ਤੇ ਓਰੀਲਿਓਨ ਚੋਓਆਮੋਨੀ ਗੋਲ ਕਰਨ ਤੋਂ ਖੁੰਝ ਗਏ।