ਕੈਨੇਡਾ ਸਰਕਾਰ ਨੇ ਮਹਿੰਗਾਈ ਨਾਲ ਨਜਿੱਠਣ ਲਈ ਪਹਿਲੀ ਅਪ੍ਰੈਲ ਤੋਂ ਘੱਟੋ-ਘੱਟ ਉਜਰਤ 15.55 ਕੈਨੇਡੀਅਨ ਡਾਲਰ ਤੋਂ 7 ਫ਼ੀਸਦੀ ਵਧਾ ਕੇ 16.65 ਕੈਨੇਡੀਅਨ ਡਾਲਰ ਪ੍ਰਤੀ ਘੰਟਾ ਕਰਨ ਦਾ ਅਹਿਮ ਫ਼ੈਸਲਾ ਲਿਆ ਹੈ। ਰੁਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ (ਸੀ.ਪੀ.ਆਈ.) ਦੇ ਆਧਾਰ ‘ਤੇ, ਜੋ ਕਿ 2022 ‘ਚ 6.8 ਫ਼ੀਸਦੀ ਵਧਿਆ ਹੈ, ਇਹ ਵਾਧਾ ਮੌਜੂਦਾ ਦਰ ਤੋਂ ਘੱਟ ਕਮਾਈ ਕਰਨ ਵਾਲੇ ਲਗਭਗ 26,000 ਕੈਨੇਡੀਅਨ ਕਾਮਿਆਂ ਲਈ ਜੀਵਨ ਨੂੰ ਹੋਰ ਕਿਫਾਇਤੀ ਬਣਾਉਣ ‘ਚ ਮਦਦ ਕਰੇਗਾ। ਇਸ ਬਾਰੇ ਜਾਰੀ ਰਿਲੀਜ਼ ਅਨੁਸਾਰ ਸੰਘੀ ਤੌਰ ‘ਤੇ ਨਿਯੰਤ੍ਰਿਤ ਪ੍ਰਾਈਵੇਟ-ਸੈਕਟਰ ਮਾਲਕਾਂ ਨੂੰ ਤਨਖਾਹ ਸਬੰਧੀ ਜਾਣਕਾਰੀ ਨੂੰ ਨਵੀਂ ਦਰ ਨਾਲ ਵਿਵਸਥਿਤ ਕਰਨਾ ਹੋਵੇਗਾ। ਇਹ ਯਕੀਨੀ ਬਣਾਉਣ ਲਈ ਕਿ 1 ਅਪ੍ਰੈਲ ਤੋਂ ਕਰਮਚਾਰੀਆਂ ਅਤੇ ਇੰਟਰਨਜ਼ ਨੂੰ ਸਹੀ ਢੰਗ ਨਾਲ ਭੁਗਤਾਨ ਕੀਤਾ ਗਿਆ ਹੈ। ਜਿੱਥੇ ਸੂਬਾਈ ਜਾਂ ਖੇਤਰੀ ਘੱਟੋ-ਘੱਟ ਉਜਰਤ ਦਰ ਸੰਘੀ ਘੱਟੋ-ਘੱਟ ਉਜਰਤ ਨਾਲੋਂ ਵੱਧ ਹੈ, ਉਥੇ ਰੁਜ਼ਗਾਰਦਾਤਾਵਾਂ ਨੂੰ ਉੱਚੀ ਦਰ ਲਾਗੂ ਕਰਨੀ ਚਾਹੀਦੀ ਹੈ। ਬਿਆਨ ‘ਚ ਕਿਹਾ ਗਿਆ ਕਿ ਸੰਘੀ ਘੱਟੋ-ਘੱਟ ਉਜਰਤ ਸੰਘੀ ਤੌਰ ‘ਤੇ ਨਿਯੰਤ੍ਰਿਤ ਪ੍ਰਾਈਵੇਟ ਸੈਕਟਰਾਂ ‘ਤੇ ਲਾਗੂ ਹੁੰਦੀ ਹੈ, ਜਿਸ ‘ਚ ਬੈਂਕ, ਡਾਕ, ਕੋਰੀਅਰ ਸੇਵਾਵਾਂ ਅਤੇ ਅੰਤਰ-ਸੂਬਾਈ ਹਵਾਈ, ਰੇਲ, ਸੜਕ ਅਤੇ ਸਮੁੰਦਰੀ ਆਵਾਜਾਈ ਸ਼ਾਮਲ ਹਨ।