ਫੀਫਾ ਵਰਲਡ ਕੱਪ-2022 ਭਾਵੇਂ ਅਰਜਨਟੀਨਾ ਦੀ ਟੀਮ ਨੇ ਜਿੱਤ ਲਿਆ ਅਤੇ ਇਸ ਟੀਮ ਦੇ ਖਿਡਾਰੀ ਲਿਓਨਲ ਮੇਸੀ ਦੀ ਚੁਫੇਰੇ ਚਰਚਾ ਹੈ। ਪਰ ਇਸ ਦੇ ਬਾਵਜੂਦ ਫਾਈਨਲ ਮੈਚ ‘ਚ ਹੈਟ੍ਰਿਕ ਲਾਉਣ ਵਾਲੇ ਫਰਾਂਸ ਦੇ ਖਿਡਾਰੀ ਕੇਲੀਅਨ ਐਮਬਾਪੇ ਨੇ ਮੇਸੀ ਨੂੰ ਪਛਾੜਦਿਆਂ ਗੋਲਡਨ ਬੂਟ ਜਿੱਤਿਆ ਹੈ। ਫਰਾਂਸ ਦੇ ਫਾਰਵਰਡ ਨੇ 8 ਵਾਰ ਗੋਲ ਕੀਤੇ ਸਨ ਜੋ ਕਿ ਮੈਸੀ ਤੋਂ ਇਕ ਵੱਧ ਸੀ। ਉਥੇ ਹੀ ਲਿਓਨੇਲ ਮੇਸੀ ਨੇ ਸਿਲਵਰ ਬੂਟ ਅਤੇ ਓਲੀਵੀਅਰ ਗਿਰੌਡ ਦੇ ਚਾਰ ਗੋਲਾਂ ਨੇ ਉਨ੍ਹਾਂ ਨੂੰ ਕਾਂਸੀ ਦਾ ਬੂਟ ਦਿਵਾਇਆ ਹੈ। ਐਮਬਾਪੇ ਨੇ ਗਰੁੱਪ ਪੜਾਅ ‘ਚ 3 ਅਤੇ ਨਾਕਆਊਟ ਪੜਾਅ ‘ਚ 5 ਗੋਲ ਕੀਤੇ, ਜਦੋਂਕਿ ਪੂਰੇ ਟੂਰਨਾਮੈਂਟ ‘ਚ ਮੇਸੀ ਨੇ ਫਾਈਨਲ ਸਮੇਤ ਕੁੱਲ 7 ਗੋਲ ਕੀਤੇ। ਇਸ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਜ਼ਰੀਏ ਨਿਕਲਿਆ ਕਿਉਂਕਿ ਐਕਸਟ੍ਰਾ ਟਾਈਮ ਦੇ ਬਾਅਦ ਸਕੋਰ 3-3 ਸੀ। ਫਿਰ ਪੈਨਲਟੀ ਸ਼ੂਟਆਊਟ ‘ਚ ਅਰਜਨਟੀਨਾ ਨੇ 4-2 ਨਾਲ ਫਰਾਂਸ ਨੂੰ ਹਰਾਇਆ। ਦੱਸਦੇਈਏ ਕਿ ਲੁਸੈਲ ਸਟੇਡੀਅਮ ‘ਚ ਆਯੋਜਿਤ ਖਿਤਾਬੀ ਮੁਕਾਬਲੇ ‘ਚ ਮੇਸੀ ਨੇ 23ਵੇਂ ਮਿੰਟ ‘ਚ ਗੋਲ ਕਰਕੇ ਅਰਜਨਟੀਨਾ ਦਾ ਖਾਤਾ ਖੋਲ੍ਹਿਆ ਜਦਕਿ ਐਂਜਲ ਡੀ ਮਾਰੀਆ ਨੇ 36ਵੇਂ ਮਿੰਟ ‘ਚ ਗੋਲ ਕਰਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਅਰਜਨਟੀਨਾ ਇਕਪਾਸੜ ਜਿੱਤ ਵੱਲ ਵਧ ਰਿਹਾ ਸੀ ਪਰ ਕੇਲੀਅਨ ਐਮਬਾਪੇ ਨੇ 80ਵੇਂ ਤੇ 81ਵੇਂ ਮਿੰਟ ‘ਚ ਗੋਲ ਕਰਕੇ ਸਾਬਕਾ ਚੈਂਪੀਅਨ ਫਰਾਂਸ ਦੀ ਮੈਚ ‘ਚ ਵਾਪਸੀ ਕਰਵਾਈ। ਮੇਸੀ ਨੇ 109ਵੇਂ ਮਿੰਟ ‘ਚ ਗੋਲ ਕਰਕੇ ਅਰਜਨਟੀਨਾ ਨੂੰ ਇਕ ਵਾਰ ਫਿਰ ਬੜ੍ਹਤ ਦਿਵਾ ਦਿੱਤੀ ਪਰ ਐਮਬਾਪੇ 118ਵੇਂ ਮਿੰਟ ‘ਚ ਗੋਲ ਕਰਕੇ ਮੈਚ ਨੂੰ ਪੈਨਲਟੀ ਸ਼ੂਟਆਊਟ ‘ਚ ਲੈ ਗਿਆ। ਅਰਜਨਟੀਨਾ ਪਿਛਲੇ 20 ਸਾਲਾਂ ‘ਚ ਖਿਤਾਬ ਜਿੱਤਣ ਵਾਲੀ ਪਹਿਲੀ ਗ਼ੈਰ-ਯੂਰਪੀਅਨ ਟੀਮ ਹੈ।