ਫੀਫਾ ਵਰਲਡ ਕੱਪ ਦੇ ਸੈਮੀਫਾਈਨ ਮੁਕਾਬਲੇ ‘ਚ ਅਰਜਨਟੀਨਾ ਦੀ ਟੀਮ ਕਪਤਾਨ ਲਿਓਨਿਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਪੈਨਲਟੀ ‘ਤੇ ਕੀਤੇ ਗਏ ਉਸਦੇ ਗੋਲ ਅਤੇ ਜੂਲੀਅਨ ਅਲਵਾਰੇਜ਼ ਦੇ ਦੋ ਗੋਲਾਂ ਦੀ ਮਦਦ ਨਾਲ ਫਾਈਨਲ ‘ਚ ਪਹੁੰਚ ਗਈ ਹੈ। ਅਰਜਨਟੀਨਾ ਨੇ 6ਵੀਂ ਵਾਰ ਫਾਈਨਲ ‘ਚ ਜਗ੍ਹਾ ਬਣਾਈ ਹੈ। ਅਰਜਨਟੀਨਾ ਨੇ ਮੌਜੂਦਾ ਸੈਸ਼ਨ ਦੇ ਪਹਿਲੇ ਸੈਮੀਫਾਈਨਲ ‘ਚ ਪਿਛਲੀ ਵਾਰ ਦੀ ਫਾਈਨਲਿਸਟ ਕ੍ਰੋਏਸ਼ੀਆ ਨੂੰ 3-0 ਨਾਲ ਕਰਾਰੀ ਹਾਰ ਦਿੱਤੀ। ਕਪਤਾਨ ਮੇਸੀ ਨੇ 34ਵੇਂ ਮਿੰਟ ‘ਚ ਮਿਲੀ ਪੈਨਲਟੀ ‘ਤੇ ਸ਼ਾਨਦਾਰ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਦੇ 5 ਮਿੰਟ ਬਾਅਦ ਹੀ ਅਰਥਾਤ ਮੈਚ ਦੇ 39ਵੇਂ ਮਿੰਟ ‘ਚ ਜੂਲੀਅਨ ਅਲਵਾਰੇਜ਼ ਨੇ ਗੋਲ ਕਰਕੇ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਇਹ ਬੜ੍ਹਤ ਹਾਫ ਸਮੇਂ ਤਕ ਬਰਕਰਾਰ ਰਹੀ। ਜਦੋਂ ਮੇਸੀ ਦੇ ਪਾਸ ‘ਤੇ 69ਵੇਂ ਮਿੰਟ ‘ਚ ਜੂਲੀਅਨ ਅਲਵਾਰੇਜ਼ ਨੇ ਫਿਰ ਗੋਲ ਕਰ ਦਿੱਤਾ ਤਾਂ ਪੂਰੀ ਅਰਜਨਟੀਨਾ ਟੀਮ ਤੇ ਟੀਮ ਦੇ ਪ੍ਰਸ਼ੰਸਕ ਖੁਸ਼ੀ ਵਿਚ ਨੱਚ ਉੱਠੇ। ਕ੍ਰੋਏਸ਼ੀਆ ਨੇ ਅੰਤ ਤਕ ਜ਼ੋਰ ਲਾਇਆ ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ।