ਕੈਲੀਫੋਰਨੀਆ ਤੋਂ ਬਾਅਦ ਹੁਣ ਅਮਰੀਕਾ ਦੇ ਦੱਖਣ-ਪੂਰਬੀ ਰਾਜ ਮਿਸੀਸਿਪੀ ‘ਚ ਦੇਰ ਰਾਤ ਆਏ ਭਿਆਨਕ ਤੂਫਾਨ ਨੇ ਜੰਮ ਕੇ ਤਬਾਹੀ ਮਚਾਈ ਜਿਸ ਕਾਰਨ ਕਈ ਘਰ ਡਿੱਗ ਪਏ। ਇਸ ਭਿਆਨਕ ਤੂਫਾਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਦੂਜੇ ਪਾਸੇ ਸੂਚਨਾ ਮਿਲਦੇ ਹੀ ਬਚਾਅ ਦਲ ਮੌਕੇ ‘ਤੇ ਪਹੁੰਚ ਗਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਮੌਕੇ ‘ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਮਿਸੀਸਿਪੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਮੁਤਾਬਕ ਤੂਫਾਨ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਸੀ ਜਿਸ ‘ਚ ਘੱਟੋ-ਘੱਟ 4 ਲੋਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੀ ਦਿੱਤੀ ਜਾ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਬਚਾਅ ਟੀਮਾਂ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਲਬਾਮਾ, ਮਿਸੀਸਿਪੀ ਅਤੇ ਟੇਨੇਸੀ ‘ਚ ਤੇਜ਼ ਤੂਫਾਨ ਕਾਰਨ 1 ਲੱਖ ਤੋਂ ਵੱਧ ਘਰਾਂ ਦੀ ਬੱਤੀ ਗੁਲ ਹੋ ਗਈ। ਬਿਜਲੀ ਕੱਟਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।