ਕੈਨੇਡਾ ‘ਚ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਚੰਦਰ ਆਰੀਆ ਨੇ ਮਿਸੀਸਾਗਾ ‘ਚ ਸਥਿਤ ਰਾਮ ਮੰਦਰ ਦਾ ਮਾਮਲਾ ਕੈਨੇਡਾ ਦੀ ਪਾਰਲੀਮੈਂਟ ‘ਚ ਚੁੱਕਿਆ ਅਤੇ ਇਸ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕੈਨੇਡਾ ‘ਚ ਵਧ ਰਹੇ ਹਿੰਦੂ ਵਿਰੋਧੀ ਪ੍ਰਦਰਸ਼ਨਾਂ ‘ਤੇ ਚਿੰਤਾ ਵੀ ਪ੍ਰਗਟਾਈ। ਚੰਦਰ ਆਰੀਆ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਘਟਨਾਵਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਹਿੰਦੂ ਮੰਦਰ ਨਫ਼ਰਤੀ ਅਪਰਾਧਾਂ ਦਾ ਨਿਸ਼ਾਨਾ ਬਣ ਰਹੇ ਹਨ। ਚੰਦਰ ਆਰੀਆ ਨੇ ਕੈਨੇਡਾ ਦੀ ਪਾਰਲੀਮੈਂਟ ‘ਚ ਕਿਹਾ ਕਿ ਬੜੇ ਦੁੱਖ ਅਤੇ ਨਾਰਾਜ਼ਗੀ ਨਾਲ ਸਾਨੂੰ ਦੱਸਣਾ ਪੈ ਰਿਹਾ ਹੈ ਕਿ ਮਿਸੀਸਾਗਾ ਦਾ ਰਾਮ ਮੰਦਰ ਹਿੰਦੂ ਅਤੇ ਭਾਰਤ ਵਿਰੋਧੀਆਂ ਦਾ ਤਾਜ਼ਾ ਨਿਸ਼ਾਨਾ ਬਣਿਆ ਹੈ। ਹਾਲ ਹੀ ਦੇ ਸਮੇਂ ‘ਚ ਕੈਨੇਡਾ ‘ਚ ਕਈ ਹਿੰਦੂ ਮੰਦਰਾਂ ਨੂੰ ਇੰਡੀਆ ਅਤੇ ਹਿੰਦੂ ਵਿਰੋਧੀ ਸੰਗਠਨਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਸੰਗਠਨਾਂ ਨੇ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਹਿੰਦੂ ਕੈਨੇਡੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਹਿੰਦੂਫੋਬੀਆ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਹ ਹਿੰਦੂ ਮੰਦਰਾਂ ‘ਤੇ ਹਮਲੇ ਕਰ ਰਹੇ ਹਨ। ਕਈ ਹਿੰਦੂਆਂ ‘ਤੇ ਵੀ ਹਮਲੇ ਹੋਣ ਦੀਆਂ ਖ਼ਬਰਾਂ ਆਈਆਂ ਹਨ। ਚੰਦਰ ਆਰੀਆ ਨੇ ਕਿਹਾ ਕਿ ਕੈਨੇਡਾ ਨੂੰ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਕ ਕੈਨੇਡੀਅਨ ਹੋਣ ਦੇ ਨਾਤੇ ਅਸੀਂ ਸਾਰੇ ਧਾਰਮਿਕ ਮਾਨਤਾਵਾਂ ਅਤੇ ਵਿਸ਼ਵਾਸਾਂ ਨਾਲ ਸ਼ਾਂਤੀ ਨਾਲ ਰਹਿੰਦੇ ਹਾਂ ਅਤੇ ਸਾਨੂੰ ਇਸ ਨੂੰ ਅੱਗੇ ਵੀ ਕਾਇਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੰਦਰ ਆਰੀਆ ਨੇ ਆਪਣੇ ਬਿਆਨ ਦੀ ਕਾਪੀ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀ ਹੈ। ਦੱਸਦਈਏ ਕਿ ਹਾਲ ਹੀ ‘ਚ ਮਿਸੀਸਾਗਾ ਦੇ ਰਾਮ ਮੰਦਰ ‘ਚ ਭੰਨਤੋੜ ਕਰਨ ਅਤੇ ਮੰਦਰ ‘ਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਸੀ। ਕਿਸੇ ਹਿੰਦੂ ਮੰਦਰ ‘ਤੇ ਭਾਰਤ ਵਿਰੋਧੀ ਨਾਅਰੇ ਲਿਖਣ ਦੀ ਇਹ ਪਹਿਲੀ ਘਟਨਾ ਨਹੀਂ ਸੀ। ਇਸ ਤੋਂ ਪਹਿਲਾਂ ਬਰੈਂਪਟਨ ਇਲਾਕੇ ‘ਚ ਸਥਿਤ ਗੌਰੀ ਸ਼ੰਕਰ ਮੰਦਰ ‘ਚ ਇੰਡੀਆ ਵਿਰੋਧੀ ਨਾਅਰੇ ਲਿਖਣ ਦੀ ਘਟਨਾ ਵੀ ਸਾਹਮਣੇ ਆਈ ਸੀ। ਕੈਨੇਡਾ ਸਥਿਤ ਭਾਰਤੀ ਦੂਤਾਵਾਸ ਨੇ ਵੀ ਇਨ੍ਹਾਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਕੈਨੇਡਾ ਸਰਕਾਰ ਨੂੰ ਸ਼ਿਕਾਇਤ ਕਰਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਸੀ।