ਮਿਸੀਸਾਗਾ ’ਚ ਮੰਗਲਵਾਰ ਸ਼ਾਮ ਨੂੰ ‘ਗੋ’ ਟਰੇਨ ਦੀ ਲਪੇਟ ’ਚ ਆਉਣ ਨਾਲ ਇਕ ਬੱਚੇ ਦੀ ਮੌਤ ਹੋ ਗਈ। ਮਿਸੀਸਾਗਾ ਫਾਇਰ ਨੇ ਇਕ ਟਵੀਟ ’ਚ ਪੁਸ਼ਟੀ ਕੀਤੀ ਕਿ ਡੰਡਾਸ ਸਟਰੀਟ ਅਤੇ ਕਾਵਥਰਾ ਰੋਡ ਦੇ ਖੇਤਰ ’ਚ ਇਕ ਬੱਚੇ ਨੂੰ ਇਕ ‘ਗੋ’ ਟਰੇਨ ਨੇ ਟੱਕਰ ਮਾਰ ਦਿੱਤੀ ਸੀ। ਇਸ ਸਬੰਧੀ ’ਚ ਸ਼ਾਮ ਕਰੀਬ 7:40 ਵਜੇ ਕਾਲ ਆਈ। ਫਾਇਰ ਸਰਵਿਸ ਨੇ ਕਿਹਾ ਕਿ ਪੈਰਾਮੈਡਿਕਸ ਅਤੇ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਰਾਤ 9 ਵਜੇ ਤੋਂ ਥੋਡ਼੍ਹੀ ਦੇਰ ਪਹਿਲਾਂ ਪੀਲ ਪੁਲਿਸ ਨੇ ਪੁਸ਼ਟੀ ਕੀਤੀ ਕਿ ਬੱਚੇ ਨੂੰ ਘਟਨਾ ਸਥਾਨ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਕ ਗਵਾਹ ਨੇ ਦੱਸਿਆ ਕਿ ਉਹ ਅਤੇ ਕੁਝ ਸਾਥੀ ਨੇਡ਼ੇ ਹੀ ਖਡ਼੍ਹੇ ਸਨ ਜਦੋਂ ਉਨ੍ਹਾਂ ਨੇ ਉੱਚੀ-ਉੱਚੀ ਰੇਲਗੱਡੀ ਦੇ ਹਾਰਨ ਦੀ ਆਵਾਜ਼ ਸੁਣੀ। ‘ਅਸੀਂ ਟਰੇਨ ਦੇ ਹਾਰਨ ਨੂੰ ਬਹੁਤ ਜ਼ਿਆਦਾ ਸੁਣਿਆ, ਇਸ ਲਈ ਅਸੀਂ ਇਕ ਦੂਜੇ ਵੱਲ ਦੇਖਿਆ ਅਤੇ ਅਸੀਂ ਕਿਹਾ ਕਿ ਕੁਝ ਹੋ ਰਿਹਾ ਹੈ’, ਉਸਨੇ ਕਿਹਾ। ‘ਅਤੇ ਫਿਰ ਕੁਝ ਮਿੰਟਾਂ ਬਾਅਦ ਸਾਨੂੰ ਪਤਾ ਲੱਗਾ ਕਿ ਟਰੇਨ ਨੇ ਕਿਸੇ ਚੀਜ਼ ਨੂੰ ਟੱਕਰ ਮਾਰੀ ਅਤੇ ਫਿਰ ਸਾਨੂੰ ਅਹਿਸਾਸ ਹੋਇਆ ਕਿ ਇਹ ਟੱਕਰ ਇਕ ਛੋਟੇ ਬੱਚੇ ਨੂੰ ਵੱਜੀ ਹੈ।’ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬੱਚਾ ਟਰੇਨ ਦੀ ਲਪੇਟ ’ਚ ਕਿਵੇਂ ਆਇਆ। ਮੈਟਰੋਲਿੰਕਸ ਦੇ ਬੁਲਾਰੇ ਜੇਮਸ ਵਾਟੀ ਨੇ ਕਿਹਾ, ‘ਸਾਡੀ ਹਮਦਰਦੀ ਪਰਿਵਾਰ ਅਤੇ ਅਜ਼ੀਜ਼ਾਂ ਦੇ ਨਾਲ ਹੈ ਅਤੇ ਬੇਸ਼ੱਕ ਸਾਡੇ ਰੇਲ ਚਾਲਕ ਦਲ ਅਤੇ ਯਾਤਰੀਆਂ ਨਾਲ ਵੀ। ਅੱਜ ਰਾਤ ਨੂੰ ਸ਼ਾਮਲ ਹਰ ਕਿਸੇ ’ਤੇ ਇਸਦਾ ਡੂੰਘਾ ਪ੍ਰਭਾਵ ਪਿਆ ਹੈ।’ ਉਨ੍ਹਾਂ ਦੱਸਿਆ ਕਿ ਜਦੋਂ ਬੱਚੇ ਨੂੰ ਟੱਕਰ ਮਾਰੀ ਗਈ ਤਾਂ ਟਰੇਨ ’ਚ ਕਰੀਬ 300 ਯਾਤਰੀ ਸਵਾਰ ਸਨ। ਉਨ੍ਹਾਂ ਕਿਹਾ ਕਿ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀਲ ਪੁਲੀਸ ਨੇ ਮੰਗਲਵਾਰ ਰਾਤ ਨੂੰ ਇਸ ਘਟਨਾ ਬਾਰੇ ਕੁਝ ਵੇਰਵੇ ਪ੍ਰਦਾਨ ਕੀਤੇ ਅਤੇ ਇਹ ਪੁਸ਼ਟੀ ਨਹੀਂ ਕਰ ਸਕੀ ਕਿ ਜਦੋਂ ਬੱਚੇ ਨੂੰ ਮਾਰਿਆ ਗਿਆ ਤਾਂ ਉਹ ਪਰਿਵਾਰ ਦੇ ਕਿਸੇ ਮੈਂਬਰ ਨਾਲ ਸੀ ਜਾਂ ਕਿਸੇ ਦੇ ਨਾਲ ਨਹੀਂ ਸੀ। ਪੁਲੀਸ ਨੇ ਹਾਲੇ ਤੱਕ ਬੱਚੇ ਦੀ ਉਮਰ ਦਾ ਵੀ ਖੁਲਾਸਾ ਨਹੀਂ ਕੀਤਾ ਹੈ। ਮਿਸੀਸਾਗਾ ਮੇਅਰ ਬੋਨੀ ਕ੍ਰੋਮਬੀ ਨੇ ਇਕ ਟਵੀਟ ’ਚ ਜ਼ਰੂਰ ਬੱਚੀ ਨੂੰ ਚਾਰ ਸਾਲ ਦਾ ਦੱਸਿਆ ਹੈ। ਮੇਅਰ ਨੇ ਕਿਹਾ, ‘‘ਇਕ ਚਾਰ ਸਾਲਾ ਬੱਚੇ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਬੱਚੇ ਦਾ ਇਸ ਤਰ੍ਹਾਂ ਗੁਆਚਣਾ ਕਿਸੇ ਦੁਖਾਂਤ ਤੋਂ ਘੱਟ ਨਹੀਂ ਅਤੇ ਮੇਰੀ ਹਮਦਰਦੀ ਪਰਿਵਾਰ ਦੇ ਨਾਲ ਹੈ।” ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਰੇਲ ਪਟਡ਼ੀਆਂ ਦੇ ਆਲੇ ਦੁਆਲੇ ਢੁਕਵੇਂ ਬੈਰੀਅਰ ਦੀ ਘਾਟ ਹੈ ਜਿਸ ਨੂੰ ਲੈ ਕੇ ਉਹ ਚਿੰਤਤ ਹਨ।