ਕੈਨੇਡਾ ਦੇ ਸ਼ਹਿਰ ਮਿਸੀਸਾਗਾ ਅਤੇ ਬਰੈਂਪਟਨ ‘ਚ ਦੀਵਾਲੀ ਦੀ ਰਾਤ ਝੜਪਾਂ ਹੋਣ ਦੀ ਖ਼ਬਰ ਹੈ। ਵੱਡੀ ਗਿਣਤੀ ‘ਚ ਇਕੱਠੇ ਹੋਏ ਪੰਜਾਬੀ ਨੌਜਵਾਨਾਂ ਨੇ ਦੀਵਾਲੀ ਦੀ ਰਾਤ ਖੂਬ ਹੰਗਾਮਾ ਕੀਤਾ ਅਤੇ ਕਈ ਥਾਈਂ ਪਟਾਕੇ ਚਲਾ ਕੇ ਗੰਦ ਵੀ ਪਾਇਆ ਜਿਸ ਨੂੰ ਬਾਅਦ ‘ਚ ਵਾਲੰਟੀਅਰਾਂ ਨੇ ਸਾਫ ਕੀਤਾ। ਇੰਨਾ ਹੀ ਨਹੀਂ ਪੁਲੀਸ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਮਿਸੀਸਾਗਾ ‘ਚ 400 ਤੋਂ ਵਧੇਰੇ ਲੋਕਾਂ ‘ਚ ਝੜਪ ਹੋਈ, ਜਿਸ ਦੌਰਾਨ ਇਕ ਪਾਸੇ ਭਾਰਤੀ ਤਿਰੰਗਾ ਲਹਿਰਾਇਆ ਗਿਆ ਜਦਕਿ ਕੁਝ ਹੋਰਾਂ ਨੇ ਖਾਲਿਸਤਾਨੀ ਬੈਨਰ ਫੜੇ ਹੋਏ ਸਨ ਅਤੇ ਖਾਲਿਸਤਾਨੀ ਝੰਡਾ ਵੀ ਲਹਿਰਾ ਰਹੇ ਸਨ। ਇਕ ਟਵੀਟ ‘ਚ ਪੀਲ ਖੇਤਰੀ ਪੁਲੀਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਰਾਤ 9.41 ਵਜੇ ਦੇ ਕਰੀਬ ਗੋਰੇਵੇਅ ਅਤੇ ਈਟੂਡ ਡਰਾਈਵ ਦੇ ਖੇਤਰ ‘ਚ ਲੜਾਈ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਕਿ ਲੜਾਈ ਇਕ ਸਥਾਨਕ ਪਾਰਕਿੰਗ ਲਾਟ ‘ਚ ਸ਼ੁਰੂ ਹੋਈ ਸੀ। ਇਸ ‘ਚ ਕੁਝ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ। ਪੁਲੀਸ ਨੇ ਅਗਲੀ ਸਵੇਰ ਦੱਸਿਆ ਕਿ ਭਾਵੇਂ ਕੋਈ ਵੱਡੀ ਲੜਾਈ ਨਹੀਂ ਹੋਈ ਪਰ ਰਾਤ ਨੂੰ ਚੰਗੀ ਖੱਪ ਪਈ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਫੁਟੇਜ ‘ਚ ਪੀਲ ਖੇਤਰੀ ਪੁਲੀਸ ਅਧਿਕਾਰੀਆਂ ਦੁਆਰਾ ਵੱਖ ਕੀਤੇ ਦੀਵਾਲੀ ਦੇ ਜਸ਼ਨ ‘ਚ ਦੋ ਵੱਡੀਆਂ ਭੀੜਾਂ ਦਿਖਾਈ ਦਿੰਦੀਆਂ ਹਨ ਕਿਉਂਕਿ ਬੈਕਗ੍ਰਾਉਂਡ ‘ਚ ਆਤਿਸ਼ਬਾਜ਼ੀ ਸੁਣੀ ਜਾ ਸਕਦੀ ਹੈ। ਇਸ ਵੀਡੀਓ ‘ਚ ਇਕ ਪਾਸੇ ਇੰਡੀਆ ਦੇ ਤਿਰੰਗੇ ਝੰਡੇ ਚੁੱਕੀ ਕੁਝ ਨੌਜਵਾਨ ਦਿਖਾਈ ਦਿੰਦੇ ਹਨ ਤਾਂ ਦੂਜੇ ਪਾਸੇ ਵਾਲੀ ਭੀੜ ‘ਚ ਕੁਝ ਜਣਿਆਂ ਨੇ ਖਾਲਿਸਤਾਨੀ ਝੰਡੇ ਚੁੱਕੇ ਹੋਏ ਹਨ।