ਮਿਸੀਸਾਗਾ ‘ਚ ਇਕ 48 ਸਾਲਾ ਪੁਲੀਸ ਅਧਿਕਾਰੀ ਦੀ ਗੋਲੀ ਲੱਗ ਕਾਰਨ ਮੌਤ ਹੋ ਗਈ। ਇਸ 48 ਸਾਲਾ ਐਂਡਰਿਊ ਹਾਂਗ ਨੂੰ ਨੇੜਿਓਂ ਗੋਲੀ ਮਾਰੀ ਗਈ। ਇਸ ਤੋਂ ਇਲਾਵਾ ਮਿਲਟਨ ‘ਚ ਵੀ ਫਾਇਰਿੰਗ ਹੋਈ ਹੈ। ਇਨ੍ਹਾਂ ਦੋਹਾਂ ਘਟਨਾਵਾਂ ‘ਚ ਇਕ ਮੌਤ ਤੋਂ ਇਲਾਵਾ ਤਿੰਨ ਜਣਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਵੀ ਬਾਅਦ ‘ਚ ਪੁਲੀਸ ਕਾਰਵਾਈ ‘ਚ ਮਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸੀਸਾਗਾ ਅਤੇ ਮਿਲਟਨ ‘ਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਨੂੰ ਫੋਨ ‘ਤੇ ਐਮਰਜੈਂਸੀ ਅਲਰਟ ਭੇਜ ਕੇ ਕਿਹਾ ਗਿਆ ਕਿ ਉਹ ਟੋਰਾਂਟੋ ‘ਚ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਭਾਲ ਕਰ ਰਹੇ ਹਨ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਟਿਮ ਹੌਟਰਨਜ਼ ਤੋਂ ਭੋਜਨ ਤੇ ਕੌਫੀ ਲੈ ਰਿਹਾ ਸੀ। ਟੋਰੀ ਨੇ ਦੱਸਿਆ ਕਿ ਗੋਲੀਬਾਰੀ ‘ਚ ਮਾਰੇ ਗਏ ਅਧਿਕਾਰੀ ਐਂਡਰਿਊ ਹਾਂਗ ਨਾਲ ਉਹ ਪਹਿਲਾਂ ਮਿਲ ਚੁੱਕੇ ਸਨ ਤੇ ਉਹ ਇਕ ਸੱਜਣ ਵਿਅਕਤੀ ਸਨ। ਟੋਰਾਂਟੋ ਪੁਲੀਸ ਦੇ ਮੁਖੀ ਜੇਮਸ ਰਾਮਰ ਨੇ ਕਿਹਾ ਕਿ ਹਾਂਗ ਨੂੰ ਨੇੜੇ ਤੋਂ ਗੋਲੀ ਮਾਰੀ ਗਈ। ਪੀਲ ਪੁਲੀਸ ਮੁਖੀ ਨਿਸ਼ਾਨ ਦੁਰਈਪਾ ਨੇ ਕਿਹਾ ਕਿ ਉਸਨੂੰ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਬਿਨਾਂ ਕਿਸੇ ਕਾਰਨ ਗੋਲੀ ਮਾਰ ਦਿੱਤੀ ਗਈ ਅਤੇ ਮੈਂ ਕਹਿ ਸਕਦਾ ਹਾਂ ਕਿ ਇਹ ਘਾਤ ਲਗਾ ਕੇ ਕੀਤਾ ਗਿਆ ਹਮਲਾ ਸੀ। ਉਨ੍ਹਾਂ ਦੱਸਿਆ ਕਿ ਇਸ ਗੋਲੀਬਾਰੀ ‘ਚ ਇਕ ਹੋਰ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਥਿਆਰਬੰਦ ਸ਼ੱਕੀ ਕਾਲੇ ਰੰਗ ਦੀ ਜੀਪ ‘ਚ ਭੱਜ ਗਿਆ ਅਤੇ ਫਿਰ ਪੁਲੀਸ ਨੂੰ ਮਿਲਟਨ ‘ਚ ਫਾਇਰਿੰਗ ਦੀ ਸੂਚਨਾ ਦਿੱਤੀ ਗਈ ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਸ਼ੱਕੀ ਮੌਕੇ ਤੋਂ ਭੱਜ ਗਿਆ ਅਤੇ ਬਾਅਦ ‘ਚ ਹੈਮਿਲਟਨ ‘ਚ ਇਕ ਕਬਰਸਤਾਨ ‘ਚ ਪੁਲੀਸ ਨਾਲ ਹੋਏ ਮੁਕਾਬਲੇ ‘ਚ ਮਾਰਿਆ ਗਿਆ। ਪੁਲੀਸ ਨੇ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਟੋਰਾਂਟੋ ਪੁਲੀਸ ਦੇ ਮੁਖੀ ਜੇਮਸ ਰਾਮਰ ਨੇ ਹਾਂਗ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ‘ਇਹ ਡੂੰਘੇ ਦੁੱਖ ਦੀ ਗੱਲ ਹੈ ਕਿ ਟਰੈਫਿਕ ਸੇਵਾਵਾਂ ਦੇ ਟੋਰਾਂਟੋ ਪੁਲੀਸ ਸਰਵਿਸ ਕਾਂਸਟੇਬਲ ਐਂਡਰਿਊ ਹੋਂਗ ਦੀ ਮੌਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਹਾਂਗ ਫੋਰਸ ਦਾ ਇਕ ਤਜ਼ਰਬੇ ਵਾਲਾ ਸਿਪਾਹੀ ਸੀ ਜੋ ਇਕ ਪਤੀ, ਇਕ ਭਰਾ ਅਤੇ ਇਕ ਪੁੱਤਰ ਦਾ ਪਿਤਾ ਵੀ ਸੀ।’ ਪੀਲ ਪੁਲੀਸ ਦੇ ਮੁਖੀ ਨਿਸ਼ਾਨ ਨੇ ਕਿਹਾ ਕਿ ਅਰਜਨਟੀਆ ਰੋਡ ਤੇ ਵਿੰਸਟਨ ਚਰਚਿਲ ਬੁਲੇਵਾਰਡ ਖੇਤਰ ‘ਚ ਦੁਪਹਿਰ 2:15 ਵਜੇ ਦੇ ਕਰੀਬ ਇਕ ਬਰੇਕ ਦੌਰਾਨ ਹਮਲਾ ਕੀਤਾ ਗਿਆ।